ਟੈਨਿਸ: ਰਾਮਕੁਮਾਰ ਤੇ ਮਾਇਨੇਨੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਹਾਂਗਜ਼ੂ, 29 ਸਤੰਬਰ
ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੇ ਟੈਨਿਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਮੁਕਾਬਲੇ ਵਿੱਚ ਭਾਰਤੀ ਜੋੜੀ ਨੂੰ ਚੀਨੀ ਤਾਇਪੇ ਦੇ ਸੂ ਯੂ ਸਿਊ ਅਤੇ ਜੈਸਨ ਜੁੰਗ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ।
ਹਾਲਾਂਕਿ ਰੋਹਨ ਬੋਪੰਨਾ ਅਤੇ ਰੁਤੂਜਾ ਭੋਸਲੇ ਦੀ ਮਿਕਸਡ ਡਬਲਜ਼ ਜੋੜੀ ਨੇ ਫਾਈਨਲ ਵਿੱਚ ਪਹੁੰਚ ਕੇ ਟੈਨਿਸ ਵਿੱਚ ਭਾਰਤ ਦੀ ਸੋਨ ਤਗ਼ਮਾ ਜਿੱਤਣ ਦੀ ਉਮੀਦ ਬਰਕਰਾਰ ਰੱਖੀ ਹੈ। ਬੋਪੰਨਾ ਅਤੇ ਭੋਸਲੇ ਦੀ ਜੋੜੀ ਨੇ ਚੀਨੀ ਤਾਇਪੇ ਦੀ ਮਿਕਸਡ ਜੋੜੀ ਹਾਓ-ਚਿੰਗ ਅਤੇ ਯੂ-ਹਸਿਊ ਸੂ ਨੂੰ ਸੈਮੀਫਾਈਨਲ ਵਿੱਚ 6-1, 3-6, 10-4 ਨਾਲ ਹਰਾਇਆ।
ਰਾਮਕੁਮਾਰ ਦਾ ਏਸ਼ਿਆਈ ਖੇਡਾਂ ’ਚ ਇਹ ਪਹਿਲਾਂ ਅਤੇ ਮਾਇਨੇਨੀ ਦਾ ਤੀਜਾ ਤਗ਼ਮਾ ਹੈ। ਉਹ 2014 ਇੰਚਿਓਨ ਖੇਡਾਂ ਵਿੱਚ ਸਤਨਾਮ ਸਿੰਘ ਨਾਲ ਪੁਰਸ਼ ਡਬਲਜ਼ ਵਿੱਚ ਚਾਂਦੀ ਅਤੇ ਸਾਨੀਆ ਮਿਰਜ਼ਾ ਨਾਲ ਮਿਕਸਡ ਡਬਲਜ਼ ਵਿੱਚ ਸੋਨ ਤਗ਼ਮਾ ਜਿੱਤ ਚੁੱਕਿਆ ਹੈ। ਟੈਨਿਸ ਵਿੱਚ ਇਸ ਵਾਰ ਭਾਰਤ ਦਾ ਇਹ ਪਹਿਲਾ ਤਗ਼ਮਾ ਹੈ। ਜਕਾਰਤਾ ਵਿੱਚ 2018 ’ਚ ਭਾਰਤ ਨੇ ਤਿੰਨ ਤਗ਼ਮੇ ਜਿੱਤੇ ਸੀ ਪਰ ਇਸ ਵਾਰ ਦੋ ਤਗ਼ਮਿਆਂ ਨਾਲ ਹੀ ਸਬਰ ਕਰਨਾ ਪਵੇਗਾ।
ਰਾਮਕੁਮਾਰ ਨੇ ਮੈਚ ਮਗਰੋਂ ਕਿਹਾ, ‘‘ਇਹ ਏਸ਼ਿਆਈ ਖੇਡਾਂ ਵਿੱਚ ਮੇਰਾ ਪਹਿਲਾਂ ਤਗ਼ਮਾ ਹੈ। ਮੈਂ ਭਾਰਤ ਲਈ ਹਮੇਸ਼ਾ ਤਗ਼ਮਾ ਜਿੱਤਣਾ ਚਾਹੁੰਦਾ ਸੀ। ਇਹ ਮੇਰਾ ਟੀਚਾ ਸੀ ਅਤੇ ਸਾਕੇਤ ਨਾਲ ਤਗ਼ਮਾ ਜਿੱਤ ਕੇ ਮੈਂ ਬਹੁਤ ਖੁਸ਼ ਹਾਂ। ਏਸ਼ਿਆਈ ਖੇਡਾਂ ਵੱਡਾ ਟੂਰਨਾਮੈਂਟ ਹੈ ਅਤੇ ਇਸ ਵਿੱਚ ਤਗ਼ਮਾ ਜਿੱਤਣਾ ਵੱਡੀ ਗੱਲ ਹੈ। ਉਮੀਦ ਹੈ ਕਿ ਅਗਲੀ ਵਾਰ ਅਸੀਂ ਦੇਸ਼ ਲਈ ਹੋਰ ਤਗ਼ਮੇ ਜਿੱਤ ਸਕਾਂਗੇ।’’ -ਪੀਟੀਆਈ