ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੈਨਿਸ: ਦਿਮਿਤ੍ਰੋਵ ਦੇ ਸੱਟ ਲੱਗਣ ਕਾਰਨ ਸਿਨਰ ਵਿੰਬਲਡਨ ਦੇ ਕੁਆਰਟਰ ਫਾਈਨਲ ’ਚ

ਮੁਕਾਬਲੇ ’ਚੋਂ ਹਟਣ ਤੋਂ ਪਹਿਲਾਂ ਦੋ ਸੈੱਟਾਂ ਨਾਲ ਅੱਗੇ ਚੱਲ ਰਿਹਾ ਸੀ ਬੁਲਗਾਰੀਆ ਦਾ ਖਿਡਾਰੀ; ਸਿਨਰ ਦੀ ਕੂਹਣੀ ’ਤੇ ਵੀ ਲੱਗੀ ਸੱਟ
Advertisement

ਲੰਡਨ, 8 ਜੁਲਾਈ

ਦੁਨੀਆ ਦਾ ਨੰਬਰ ਇੱਕ ਖਿਡਾਰੀ ਜਾਨਿਕ ਸਿਨਰ ਸੱਜੀ ਕੂਹਣੀ ਦੀ ਸੱਟ ਅਤੇ ਪਹਿਲੇ ਦੋ ਸੈੱਟ ਹਾਰਨ ਦੇ ਬਾਵਜੂਦ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਉਹ ਆਪਣੇ ਵਿਰੋਧੀ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਦੇ ਸੱਟ ਲੱਗਣ ਕਰਕੇ ਮੈਚ ’ਚੋਂ ਬਾਹਰ ਹੋਣ ਕਾਰਨ ਅਗਲੇ ਗੇੜ ਵਿੱਚ ਪਹੁੰਚਣ ’ਚ ਸਫਲ ਰਿਹਾ। ਸਿਨਰ ਨੇ ਟੂਰਨਾਮੈਂਟ ਵਿੱਚ ਪਹਿਲਾਂ ਕੋਈ ਸੈੱਟ ਨਹੀਂ ਹਾਰਿਆ ਸੀ ਪਰ ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਦਿਮਿਤ੍ਰੋਵ ਨੇ ਉਸ ਖ਼ਿਲਾਫ਼ ਪਹਿਲੇ ਦੋ ਸੈੱਟ 6-3, 7-5 ਨਾਲ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ। ਤੀਜੇ ਸੈੱਟ ਵਿੱਚ ਜਦੋਂ ਸਕੋਰ 2-2 ਨਾਲ ਬਰਾਬਰ ਸੀ ਤਾਂ ਦਿਮਿਤ੍ਰੋਵ ਨੂੰ ਸੱਟ ਕਾਰਨ ਬਾਹਰ ਹੋਣਾ ਪਿਆ। 34 ਸਾਲਾ ਦਿਮਿਤ੍ਰੋਵ ਲਗਾਤਾਰ ਪੰਜਵੇਂ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਮੈਚ ਪੂਰਾ ਕਰਨ ਵਿੱਚ ਨਾਕਾਮ ਰਿਹਾ ਹੈ। ਉਹ ਜਨਵਰੀ ਵਿੱਚ ਆਸਟਰੇਲਿਆਈ ਓਪਨ ਅਤੇ ਮਈ ਵਿੱਚ ਫਰੈਂਚ ਓਪਨ ਦੇ ਨਾਲ-ਨਾਲ ਪਿਛਲੇ ਸਾਲ ਵਿੰਬਲਡਨ ਅਤੇ ਯੂਐੱਸ ਓਪਨ ’ਚੋਂ ਵੀ ਅੱਧ-ਵਿਚਾਲੇ ਹੀ ਹਟ ਗਿਆ ਸੀ।

Advertisement

ਪਹਿਲੇ ਸੈੱਟ ਦੌਰਾਨ ਕੋਰਟ ’ਤੇ ਤਿਲਕਣ ਕਾਰਨ ਸਿਨਰ ਦੀ ਕੂਹਣੀ ’ਤੇ ਸੱਟ ਲੱਗ ਗਈ ਪਰ ਬਾਅਦ ਵਿੱਚ ਉਸ ਨੇ ਕਿਹਾ ਕਿ ਸੱਟ ਬਹੁਤੀ ਗੰਭੀਰ ਨਹੀਂ ਹੈ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਤਿੰਨ ਵਾਰ ਦਾ ਗਰੈਂਡ ਸਲੈਮ ਚੈਂਪੀਅਨ ਸਿਨਰ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਅਮਰੀਕਾ ਦੇ ਬੈੱਨ ਸ਼ੈਲਟਨ ਨਾਲ ਭਿੜੇਗਾ। ਮਹਿਲਾ ਸਿੰਗਲਜ਼ ਵਿੱਚ 18 ਸਾਲਾ ਰੂਸੀ ਖਿਡਾਰਨ ਮੀਰਾ ਐਂਡਰੀਵਾ ਨੇ ਐਮਾ ਨਵਾਰੋ ਨੂੰ 6-2, 6-3 ਨਾਲ ਹਰਾ ਕੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ ਹੈ। ਉਹ ਪਿਛਲੇ 18 ਸਾਲਾਂ ਵਿੱਚ ਵਿੰਬਲਡਨ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ। ਹੁਣ ਉਸ ਦਾ ਸਾਹਮਣਾ ਬੇਲਿੰਡਾ ਬੇਨਸਿਕ ਨਾਲ ਹੋਵੇਗਾ। ਬੇਨਸਿਕ ਨੇ 18ਵਾਂ ਦਰਜਾ ਪ੍ਰਾਪਤ ਏਕਾਤੇਰੀਨਾ ਅਲੈਗਜ਼ੈਂਡਰੋਵਾ ਨੂੰ 7-6 (4), 6-4 ਨਾਲ ਹਰਾਇਆ। ਇਸ ਤੋਂ ਇਲਾਵਾ ਲਿਊਡਮਿਲਾ ਸੈਮਸੋਨੋਵਾ ਨੇ ਜੈਸਿਕਾ ਬੋਜ਼ਾਸ ਮਾਨੇਰੋ ਨੂੰ 7-5, 7-5 ਨਾਲ ਹਰਾ ਕੇ ਆਪਣੇ ਪਹਿਲੇ ਗਰੈਂਡ ਸਲੈਮ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਸੈਮਸੋਨੋਵਾ ਨੇ ਟੂਰਨਾਮੈਂਟ ਵਿੱਚ ਇੱਕ ਵੀ ਸੈੱਟ ਨਹੀਂ ਗੁਆਇਆ ਅਤੇ ਹੁਣ ਉਸ ਦਾ ਮੁਕਾਬਲਾ ਇਗਾ ਸਵਿਆਤੇਕ ਨਾਲ ਹੋਵੇਗਾ, ਜਿਸ ਨੇ ਕਲਾਰਾ ਟੌਸਨ ਨੂੰ 6-4, 6-1 ਨਾਲ ਹਰਾ ਕੇ ਆਪਣੇ ਦੂਜੇ ਵਿੰਬਲਡਨ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। -ਏਪੀ

Advertisement