ਟੈਨਿਸ: ਕੈਨੇਡਾ ਦੀ ਮਬੋਕੋ ਨੈਸ਼ਨਲ ਬੈਂਕ ਓਪਨ ਦੇ ਫਾਈਨਲ ’ਚ
ਕੈਨੇਡਾ ਦੀ ਨੌਜਵਾਨ ਖਿਡਾਰਨ ਵਿਕਟੋਰੀਆ ਐਮਬੋਕੋ ਇੱਥੇ ਨੌਵਾਂ ਦਰਜਾ ਹਾਸਲ ਐਲੇਨਾ ਰਿਬਾਕਿਨਾ ਨੂੰ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਈ ਹੈ। ਉੱਧਰ ਰੂਸ ਦੇ ਕੈਰੇਨ ਖਚਾਨੋਵ ਨੇ ਸਿਖਰਲਾ ਦਰਜਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਇਸੇ ਟੂਰਨਾਮੈਂਟ ਦੇ ਫਾਈਨਲ ’ਚ ਥਾਂ ਬਣਾਈ ਹੈ। ਕੈਨੇਡਾ ਦੀ 18 ਸਾਲਾ ਐਮਬੋਕੋ ਨੇ ਰਿਬਾਕਿਨਾ ਨੂੰ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ’ਚ 1-6, 7-5, 7-6 ਨਾਲ ਹਰਾਇਆ। ਐਮਬੋਕੋ ਨੇ ਤੀਜੇ ਤੇ ਫ਼ੈਸਲਾਕੁਨ ਸੈੱਟ ’ਚ ਇੱਕ ਮੈਚ ਪੁਆਇੰਟ ਬਚਾਇਆ ਤੇ ਦੋ ਵਾਰ ਰਿਬਾਕਿਨਾ ਦੀ ਸਰਵਿਸ ਤੋੜੀ ਅਤੇ ਫਿਰ ਜਿੱਤ ਦਰਜ ਕੀਤੀ। ਹੁਣ ਉਸ ਦਾ ਮੁਕਾਬਲਾ ਜਪਾਨ ਦੀ ਸਟਾਰ ਖਿਡਾਰਨ ਨਾਓਮੀ ਓਸਾਕਾ ਨਾਲ ਹੋਵੇਗਾ। ਦੂਜੇ ਪਾਸੇ ਖਚਾਨੇਵ ਨੇ ਜ਼ਵੇਰੇਵ ਨੂੰ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ’ਚ 6-3, 4-6, 7-6 ਨਾਲ ਹਰਾ ਕੇ ਖਿਤਾਬੀ ਮੁਕਾਬਲੇ ’ਚ ਥਾਂ ਪੱਕੀ ਕੀਤੀ। ਏਟੀਪੀ ਟੂਰ ’ਤੇ ਸੱਤ ਵਾਰ ਦੇ ਜੇਤੂ 29 ਸਾਲਾ ਖਚਾਨੇਵ ਦਾ ਫਾਈਨਲ ’ਚ ਮੁਕਾਬਲਾ ਦੂਜਾ ਦਰਜਾ ਹਾਸਲ ਟੇਲਰ ਫ੍ਰਿਟਜ਼ ਤੇ ਚੌਥਾ ਦਰਜਾ ਹਾਸਲ ਬੇਨ ਸ਼ੈਲਟਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।