ਟੈਨਿਸ: ਭਾਂਬਰੀ-ਵੀਨਸ ਯੂਐੱਸ ਓਪਨ ਦੇ ਅਗਲੇ ਗੇੜ ’ਚ
ਭਾਰਤ ਦੇ ਯੂਕੀ ਭਾਂਬਰੀ ਅਤੇ ਉਸ ਦੇ ਨਿਊਜ਼ੀਲੈਂਡ ਦੇ ਜੋੜੀਦਾਰ ਮਾਈਕਲ ਵੀਨਸ ਨੇ ਇੱਥੇ ਮਾਰਕੋਸ ਗਿਰੋਨ ਅਤੇ ਲਰਨਰ ਟੀਏਨ ਦੀ ਅਮਰੀਕੀ ਜੋੜੀ ਨੂੰ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਰੋਹਨ ਬੋਪੰਨਾ ਅਤੇ ਅਰਜੁਨ ਕਾਧੇ ਆਪੋ-ਆਪਣੇ ਜੋੜੀਦਾਰਾਂ ਨਾਲ ਹਾਰਨ ਮਗਰੋਂ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਨ। ਭਾਂਬਰੀ ਅਤੇ ਵੀਨਸ ਦੀ 14ਵੀਂ ਦਰਜਾ ਪ੍ਰਾਪਤ ਜੋੜੀ ਨੇ ਸ਼ਾਨਦਾਰ ਖੇਡ ਦਿਖਾਈ ਅਤੇ 6-0, 6-3 ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਕਿਸੇ ਵੀ ਸਮੇਂ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਮੈਚ ਵਿੱਚ ਸਿਰਫ਼ ਤਿੰਨ ਗੇਮਾਂ ਗੁਆਈਆਂ। ਭਾਰਤ ਦਾ ਸਟਾਰ ਖਿਡਾਰੀ ਬੋਪੰਨਾ ਅਤੇ ਉਸ ਦਾ ਜੋੜੀਦਾਰ ਮੋਨਾਕੋ ਦਾ ਰੋਮੇਨ ਅਰਨੀਓਡੋ ਬੀਤੀ ਰਾਤ ਖੇਡੇ ਗਏ ਮੈਚ ਵਿੱਚ ਅਮਰੀਕੀ ਜੋੜੀ ਰੌਬਰਟ ਕੈਸ਼ ਅਤੇ ਜੇਮਸ ਟਰੇਸੀ ਹੱਥੋਂ 4-6, 3-6 ਨਾਲ ਹਾਰ ਗਿਆ। ਕੈਸ਼ ਅਤੇ ਟਰੇਸੀ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਬ੍ਰੇਕ ਪੁਆਇੰਟਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਇਆ। ਇਸੇ ਤਰ੍ਹਾਂ ਕਾਧੇ ਅਤੇ ਉਸ ਦੇ ਸਾਥੀ ਡੀਏਗੋ ਹਿਡਾਲਗੋ ਨੂੰ ਮੇਟ ਪਾਵਿਕ ਅਤੇ ਮਾਰਸੇਲੋ ਅਰੇਵਾਲੋ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਧੇ ਅਤੇ ਹਿਡਾਲਗੋ ਨੇ ਪਹਿਲਾ ਸੈੱਟ ਜਿੱਤ ਕੇ ਆਪਣੇ ਵਿਰੋਧੀਆਂ ਨੂੰ ਟੱਕਰ ਦਿੱਤੀ ਪਰ ਮਗਰੋਂ 7-5, 6-7(4), 4-6 ਨਾਲ ਹਾਰ ਗਏ।