ਓਲੰਪਿਕ ਮੇਜ਼ਬਾਨੀ ਲਈ ਆਈਓਸੀ ਨਾਲ ਗੱਲਬਾਤ ਜਾਰੀ: ਮਾਂਡਵੀਆ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਲੋਕ ਸਭਾ ਨੂੰ ਦੱਸਿਆ ਕਿ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਬੋਲੀ ਬਾਰੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ‘ਭਵਿੱਖ ਮੇਜ਼ਬਾਨ ਕਮਿਸ਼ਨ’ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮਾਂਡਵੀਆ ਨੇ ਕਿਹਾ ਕਿ ਪੂਰੀ ਬੋਲੀ ਪ੍ਰਕਿਰਿਆ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਸੰਭਾਲੀ ਜਾ ਰਹੀ ਹੈ। ਮੰਤਰੀ ਨੇ ਹੇਠਲੇ ਸਦਨ ਵਿੱਚ ਕਿਹਾ, ‘ਆਈਓਏ ਨੇ ਆਈਓਸੀ ਨੂੰ ਇਰਾਦਾ ਪੱਤਰ (ਲੈਟਰ ਆਫ ਇੰਟੈਂਟ) ਸੌਂਪਿਆ ਹੈ। ਬੋਲੀ ਬਾਰੇ ਆਈਓਸੀ ਦੇ ਭਵਿੱਖ ਮੇਜ਼ਬਾਨ ਕਮਿਸ਼ਨ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ।’ ਹਾਲਾਂਕਿ ਮੰਤਰੀ ਨੇ ਹੇਅਰ ਦੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਭਾਰਤ ਕਈ ਥਾਵਾਂ ’ਤੇ ਓਲੰਪਿਕ ਦੀ ਮੇਜ਼ਬਾਨੀ ਲਈ ਬੋਲੀ ਲਗਾ ਰਿਹਾ ਹੈ। ਹੇਅਰ ਨੇ ਪੁੱਛਿਆ ਕਿ ਕੀ ਪ੍ਰਸਤਾਵਿਤ ਯੋਜਨਾ ਵਿੱਚ ਭੁਬਨੇਸ਼ਵਰ ’ਚ ਹਾਕੀ, ਭੁਪਾਲ ਵਿੱਚ ਰੋਇੰਗ, ਪੁਣੇ ਵਿੱਚ ਕੈਨੋਇੰਗ/ਕਯਾਕਿੰਗ ਅਤੇ ਮੁੰਬਈ ਵਿੱਚ ਕ੍ਰਿਕਟ ਮੈਚ ਕਰਵਾਉਣੇ ਸ਼ਾਮਲ ਹਨ?
ਮਾਂਡਵੀਆ ਨੇ ਕਿਹਾ, ‘ਭਾਰਤ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਾਉਣਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਜ਼ਿੰਮੇਵਾਰੀ ਹੈ ਅਤੇ ਆਈਓਸੀ ਇੱਕ ਵਿਸਥਾਰਤ ਚੋਣ ਪ੍ਰਕਿਰਿਆ ’ਚੋਂ ਲੰਘਣ ਤੋਂ ਬਾਅਦ ਓਲੰਪਿਕ ਦੀ ਮੇਜ਼ਬਾਨੀ ਦੇ ਅਧਿਕਾਰ ਸੌਂਪਦੀ ਹੈ।’ ਹਾਲਾਂਕਿ ਭਾਰਤ ਨੇ ਆਪਣੀ ਬੋਲੀ ਵਿੱਚ ਕਿਸੇ ਸ਼ਹਿਰ ਦਾ ਨਾਮ ਨਹੀਂ ਲਿਆ, ਪਰ ਗੁਜਰਾਤ ਸਰਕਾਰ ਇਸ ਵਿੱਚ ਕਾਫੀ ਦਿਲਚਸਪੀ ਦਿਖਾ ਰਹੀ ਹੈ। ਇਸ ਦੇ ਖੇਡ ਮੰਤਰੀ ਹਰਸ਼ ਸੰਘਵੀ ਉਸ ਭਾਰਤੀ ਵਫ਼ਦ ਦਾ ਹਿੱਸਾ ਸਨ, ਜਿਸ ਨੇ ਪਿਛਲੇ ਮਹੀਨੇ ਬੋਲੀ ’ਤੇ ਚਰਚਾ ਕਰਨ ਲਈ ਲੁਸਾਨੇ ਵਿੱਚ ਆਈਓਸੀ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ।
ਮੇਜ਼ਬਾਨੀ ਲਈ ਭਾਰਤ ਨੂੰ ਕਤਰ ਅਤੇ ਤੁਰਕੀ ਵਰਗੇ ਦੇਸ਼ਾਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੋਪਿੰਗ ਵਿੱਚ ਭਾਰਤ ਦਾ ਮਾੜਾ ਰਿਕਾਰਡ ਆਈਓਸੀ ਲਈ ਇੱਕ ਵੱਡਾ ਮੁੱਦਾ ਹੈ। ਆਈਓਸੀ ਦੀ ਝਾੜ ਮਗਰੋਂ ਆਈਓਏ ਨੇ ਭਾਰਤੀ ਖੇਡਾਂ ਵਿੱਚ ਡੋਪਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਪੈਨਲ ਬਣਾਇਆ ਹੈ।