ਟੇਬਲ ਟੈਨਿਸ: ਚੰਗੇਰਾ ਦੇ ਹਰਕੁੰਵਰ ਨੇ ਜੌਰਡਨ ’ਚ ਚਮਕਾਇਆ ਭਾਰਤ ਦਾ ਨਾਂ
ਇੱਥੋਂ ਨੇੜਲੇ ਪਿੰਡ ਚੰਗੇਰਾ ਦੇ ਹਰਕੁੰਵਰ ਸਿੰਘ ਨੇ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਹੋਈ ਡਬਲਿਊ ਟੀਟੀ ਯੂਥ ਕੰਟੈਂਡਰ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਅੰਡਰ-19 ਵਰਗ ਦੇ ਸਿੰਗਲਜ਼ ’ਚ ਸੋਨੇ ਦਾ ਤਗ਼ਮਾ ਜਿੱਤਣ ਦੇ ਨਾਲ-ਨਾਲ ਮਿਕਸਡ ਡਬਲਜ਼ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਉਸ ਨੇ ਭਾਰਤ ਦੇ ਹੀ ਕੌਸ਼ਲ ਚੋਪੜਾ ਨੂੰ 3-1 ਨਾਲ ਹਰਾਇਆ। ਉਹ ਟੇਬਲ ਟੈਨਿਸ ਦੇ ਕਿਸੇ ਵੀ ਕੌਮਾਂਤਰੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਸਮਾਜ ਸੇਵੀ ਆਗੂ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ ਅਤੇ ਰਵਿੰਦਰ ਸਿੰਘ ਦਾ ਪੁੱਤਰ ਹਰਕੁੰਵਰ ਸਿੰਘ ਮੰਡੀ ਗੋਬਿੰਦਗੜ੍ਹ ਦੀ ਸੀਟੀ ਯੂਨੀਵਰਸਿਟੀ ਵਿਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਉਸ ਦੀ ਅੰਡਰ-19 ਵਰਗ ਵਿੱਚ ਕੌਮਾਂਤਰੀ ਪੱਧਰ ’ਤੇ ਮੌਜੂਦਾ ਰੈਂਕਿੰਗ 136 ਅਤੇ ਕੌਮੀ ਪੱਧਰ ’ਤੇ ਰੈਕਿੰਗ 7 ਹੈ। ਪੰਜਾਬ ਵਿੱਚ ਉਹ ਪਹਿਲੇ ਸਥਾਨ ’ਤੇ ਕਾਬਜ਼ ਹੈ। ਉਹ ਪਿਛਲੇ ਦੋ ਸਾਲਾਂ ਤੋਂ ਚੇਨੱਈ ਵਿੱਚ ਭਾਰਤੀ ਟੇਬਲ ਟੈਨਿਸ ਟੀਮ ਦੇ ਕੋਚ ਆਰ. ਰਾਜੇਸ਼ ਕੋਲੋਂ ਸਿਖਲਾਈ ਲੈ ਰਿਹਾ ਹੈ। ਉਸ ਦਾ ਅਗਲਾ ਟੀਚਾ ਹੋਰ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਕੇ ਭਾਰਤ ਲਈ ਹੋਰ ਜਿੱਤਾਂ ਦਰਜ ਕਰਨਾ ਹੈ। ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਨੇ ਹਰਕੁੰਵਰ ਦੀ ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ।