ਟੀ-20 ਦਰਜਾਬੰਦੀ: ਸ਼ੇਫਾਲੀ ਵਰਮਾ ਦੀ ਸਿਖ਼ਰਲੀਆਂ ਦਸ ਖਿਡਾਰਨਾਂ ’ਚ ਵਾਪਸੀ
ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਅੱਜ ਜਾਰੀ ਆਈਸੀਸੀ ਮਹਿਲਾ ਟੀ-20 ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਸਿਖਰਲੀਆਂ ਦਸ ਖਿਡਾਰਨਾਂ ’ਚ ਵਾਪਸੀ ਕੀਤੀ ਹੈ। ਇੰਗਲੈਂਡ ਖ਼ਿਲਾਫ਼ ਖਤਮ ਹੋਈ ਹਾਲੀਆ ਟੀ-20 ਲੜੀ ’ਚ 158.56 ਦੀ ਸਟਰਾਈਕ ਰੇਟ ਨਾਲ 176 ਦੌੜਾਂ ਬਣਾਉਣ ਵਾਲੀ ਸ਼ੇਫਾਲੀ ਇਸ ਦਰਜਾਬੰਦੀ ’ਚ 655 ਅੰਕਾਂ ਨਾਲ ਚਾਰ ਸਥਾਨਾਂ ਦੇ ਫਾਇਦੇ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਈ ਹੈ। ਉਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਤੀਜੇ ਨੰਬਰ ’ਤੇ ਹੈ, ਜੋ ਇਸ ਸੂਚੀ ’ਚ ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਸਿਖਰਲਾ ਸਥਾਨ ਹੈ, ਜਦਕਿ ਬੱਲੇਬਾਜ਼ ਜੈਮੀਮਾ ਰੌਡਰਿਗਜ਼ ਦੋ ਸਥਾਨ ਖਿਸਕ ਕੇ 14ਵੇਂ ਨੰਬਰ ’ਤੇ ਚਲੀ ਗਈ ਹੈ। ਦੂਜੇ ਪਾਸੇ ਭਾਰਤ ਦੀ ਲੜੀ ’ਚ 3-2 ਨਾਲ ਇਤਿਹਾਸਕ ਜਿੱਤ ’ਚ ਅਹਿਮ ਯੋਗਦਾਨ ਦੇਣ ਵਾਲੀ ਅਰੁੰਧਤੀ ਰੈੱਡੀ ਗੇਂਦਬਾਜ਼ਾਂ ਦੀ ਦਰਜਾਬੰਦੀ ’ਚ ਚਾਰ ਸਥਾਨਾਂ ਦੇ ਫਾਇਦੇ ਨਾਲ 39ਵੇਂ ਨੰਬਰ ’ਤੇ ਅਤੇ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ 26ਵੇਂ ਸਥਾਨ ਚੜ੍ਹ ਕੇ 80ਵੇਂ ਨੰਬਰ ’ਤੇ ਪਹੁੰਚ ਗਈ ਹੈ, ਜਦਕਿ ਤਜਰਬੇਕਾਰ ਸਪਿੰਨਰ ਦੀਪਤੀ ਸ਼ਰਮਾ ਇੱਕ ਸਥਾਨ ਖਿਸਕ ਕੇੇ ਤੀਜੇ ਨੰਬਰ ’ਤੇ ਚਲੀ ਗਈ ਹੈ। ਰਾਧਾ ਯਾਦਵ ਤਿੰਨ ਸਥਾਨਾਂ ਦੇ ਫਾਇਦੇ ਨਾਲ 15ਵੇਂ ਸਥਾਨ ’ਤੇ ਹੈ। ਇੰਗਲੈਂਡ ਦੀ ਸਪਿੰਨ ਗੇਂਦਬਾਜ਼ ਚਾਰਲੀ ਡੀਨ ਵੀ ਸਿਖਰਲੀਆਂ ਦਸ ਖਿਡਾਰਨਾਂ ’ਚ ਪਹੁੰਚ ਗਈ ਹੈ, ਜੋ ਅੱਠ ਸਥਾਨਾਂ ਦੇ ਫਾਇਦੇ ਨਾਲ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਹੈ।