ਟੀ-20 ਦਰਜਾਬੰਦੀ: ਬੱਲੇਬਾਜ਼ਾਂ ’ਚ ਅਭਿਸ਼ੇਕ ਤੇ ਗੇਂਦਬਾਜ਼ਾਂ ’ਚ ਵਰੁਣ ਦੂਜੇ ਸਥਾਨ ’ਤੇ
ਦੁਬਈ, 19 ਮਾਰਚ
ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਆਪਣੇ ਕਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਬਰਕਰਾਰ ਹੈ। ਇਸੇ ਤਰ੍ਹਾਂ ਸਪਿੰਨਰ ਵਰੁਣ ਚੱਕਰਵਰਤੀ ਵੀ ਗੇਂਦਬਾਜ਼ਾਂ ਦੀ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਹੈ। ਹਾਰਦਿਕ ਪਾਂਡਿਆ 252 ਅੰਕਾਂ
ਨਾਲ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਸਿਖਰ ’ਤੇ ਕਾਬਜ਼ ਹੈ। ਅੱਜ ਜਾਰੀ ਕੀਤੀ ਗਈ ਬੱਲੇਬਾਜ਼ਾਂ ਦੀ ਦਰਜਾਬੰਦੀ ਤਹਿਤ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ’ਤੇ ਹਨ। ਆਸਟਰੇਲੀਆ ਦਾ ਟਰੈਵਿਸ ਹੈੱਡ 856 ਰੇਟਿੰਗ ਅੰਕਾਂ ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ, ਜਦਕਿ ਇੰਗਲੈਂਡ ਦਾ ਫਿਲ ਸਾਲਟ 815 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਅਭਿਸ਼ੇਕ ਦੇ 829, ਤਿਲਕ ਵਰਮਾ ਦੇ 804 ਅਤੇ ਸੂਰਿਆਕੁਮਾਰ ਦੇ 739 ਰੇਟਿੰਗ ਅੰਕ ਹਨ।
ਗੇਂਦਬਾਜ਼ਾਂ ਦੀ ਸੂਚੀ ਵਿੱਚ ਵੈਸਟਇੰਡੀਜ਼ ਦਾ ਅਕੀਲ ਹੁਸੈਨ (707 ਅੰਕ) ਸਿਖ਼ਰ ’ਤੇ ਹੈ, ਜਦਕਿ ਚੱਕਰਵਰਤੀ (706 ਅੰਕ) ਉਸ ਤੋਂ ਸਿਰਫ਼ ਇੱਕ ਅੰਕ ਪਿੱਛੇ ਹੈ। ਇੰਗਲੈਂਡ ਦਾ ਲੈੱਗ ਸਪਿੰਨਰ ਆਦਿਲ ਰਾਸ਼ਿਦ (705 ਅੰਕ) ਤੀਜੇ ਸਥਾਨ ’ਤੇ ਹੈ। ਭਾਰਤ ਦਾ ਰਵੀ ਬਿਸ਼ਨੋਈ 674 ਅੰਕਾਂ ਨਾਲ ਛੇਵੇਂ ਸਥਾਨ ’ਤੇ, ਜਦਕਿ ਖੱਬੂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 653 ਅੰਕਾਂ ਨਾਲ ਨੌਵੇਂ ਸਥਾਨ ’ਤੇ ਬਰਕਰਾਰ ਹੈ। -ਪੀਟੀਆਈ