ਟੀ-20: ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਤਿੰਨ ਦੌੜਾਂ ਨਾਲ ਹਰਾਇਆ
ਮਾਰਕ ਚੈਪਮੈਨ ਦੇ ਤਾਬੜ-ਤੋੜ ਨੀਮ ਸੈਂਕੜੇ ਸਦਕਾ ਨਿਊਜ਼ੀਲੈਂਡ ਨੇ ਅੱਜ ਇੱਥੇ ਵੈਸਟ ਇੰਡੀਜ਼ ਨੂੰ 3 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ’ਚ 1-1 ਨਾਲ ਬਰਾਬਰੀ ਕਰ ਲਈ। ਚੈਪਮੈਨ ਨੇ 19 ਗੇਂਦਾਂ ’ਤੇ ਨੀਮ ਸੈਂਕੜਾ ਪੂਰਾ ਕੀਤਾ ਤੇ 28 ਗੇਂਦਾਂ ’ਤੇ 78 ਦੀ ਪਾਰੀ ਖੇਡੀ ਜਿਸ ਸਦਕਾ ਮੇਜ਼ਬਾਨ ਟੀਮ ਨੇ 20 ਓਵਰਾਂ ’ਚ 5 ਵਿਕਟਾਂ ’ਤੇ 207 ਦੌੜਾਂ ਬਣਾਈਆਂ। ਟੀਮ ਨੇ 9ਵੇਂ ਤੋਂ 16ਵੇਂ ਦੌਰਾਨ 100 ਦੌੜਾਂ ਜੋੜੀਆਂ। ਟੀਮ ਵੱਲੋਂ ਟਿਮ ਰੌਬਨਿਸਨ ਨੇ 39 ਦੌੜਾਂ ਤੇ ਡੈਰਿਲ ਮਿਸ਼ੇਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਜਿੱਤ ਲਈ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 204 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਰੋਵਮੈਨ ਪਾਵੈੱਲ ਨੇ ਸਭ ਤੋਂ ਵੱਧ 45 ਦੌੜਾਂ ਜਦਕਿ ਰੋਮਾਰੀਓ ਸ਼ੈਫਰਡ ਨੇ 34, ਐਲਿਕ ਅਥਾਨਾਜ਼ੇ ਨੇ 33 ਅਤੇ ਮੈਥਿਊ ਫੋਰਡੇ ਨੇ 29 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਈਸ਼ ਸੋਢੀ ਤੇ ਮਿਚੇਲ ਸੈਂਟਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਲੜੀ ਦਾ ਤੀਜਾ ਮੈਚ 9 ਨਵੰਬਰ ਨੂੰ ਖੇਡਿਆ ਜਾਵੇਗਾ।
