ਸੁਰਜੀਤ ਹਾਕੀ ਦਾ ਖ਼ਿਤਾਬੀ ਮੁਕਾਬਲਾ ਅੱਜ
ਇੰਡੀਅਨ ਆਇਲ ਮੁੰਬਈ ਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਖੇਡਿਆ ਜਾਵੇਗਾ ਫਾਈਨਲ
Advertisement
ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਦਿੱਲੀ ਦੀਆਂ ਟੀਮਾਂ ਦਰਮਿਆਨ ਭਲਕੇ ਪਹਿਲੀ ਨਵੰਬਰ ਨੂੰ ਸ਼ਾਮ ਸੱਤ ਵਜੇ ਖੇਡਿਆ ਜਾਵੇਗਾ। ਅੱਜ ਸ਼ਾਮ ਹੋਏ ਸੈਮੀਫਾਈਨਲਜ਼ ’ਚ ਭਾਰਤੀ ਰੇਲਵੇ ਦਿੱਲੀ ਨੇ ਇੰਡੀਅਨ ਨੇਵੀ ਮੁੰਬਈ ਨੂੰ 2-1 ਨਾਲ ਹਰਾਇਆ ਅਤੇ ਇੰਡੀਅਨ ਆਇਲ ਮੁੰਬਈ ਨੇ ਵੀ ਭਾਰਤ ਪੈਟਰੋਲੀਅਮ ਮੁੰਬਈ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਭਾਰਤੀ ਰੇਲਵੇ ਦਿੱਲੀ ਦੀ ਟੀਮ ਪੰਜਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ ਜਦਕਿ ਇੰਡੀਅਨ ਆਇਲ ਮੁੰਬਈ 14ਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ। ਫਾਈਨਲ ਮੈਚ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਟੀਮਾਂ ਨੂੰ ਇਨਾਮ ਵੰਡਣਗੇ। ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ 5.51 ਲੱਖ ਰੁਪਏ ਦਾ ਨਕਦ ਇਨਾਮ ਅਤੇ ਰਨਰ-ਅੱਪ ਟੀਮ ਨੂੰ ਟਰਾਫੀ ਦੇ ਨਾਲ 2.51 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਬੇਹਤਰੀਨ ਖਿਡਾਰੀ ਨੂੰ ਇੱਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਫਾਈਨਲ ਮੈਚ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ। ਮੈਚ ਤੋਂ ਪਹਿਲਾਂ ਸਮਾਗਮ ਪੰਜ ਵਜੇ ਸ਼ੁਰੂ ਹੋਣਗੇ। ਅੱਜ ਦੇ ਮੈਚਾਂ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ, ਜਲੰਧਰ ਦੇ ਪੁਲੀਸ ਕਮਿਸ਼ਨਰ ਧੰਨਪ੍ਰੀਤ ਕੌਰ ਹਾਜ਼ਰ ਸਨ।
Advertisement
Advertisement
