ਸੁਰਜੀਤ ਹਾਕੀ: ਪੰਜਾਬ ਐਂਡ ਸਿੰਧ ਬੈਂਕ ਜਿੱਤ ਕੇ ਵੀ ਬਾਹਰ
ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਭਾਰਤੀ ਹਵਾਈ ਸੈਨਾ ਨੂੰ 2-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਹਾਲਾਂਕਿ ਜਿੱਤ ਦੇ ਬਾਵਜੂਦ ਬੈਂਕ ਦੀ ਟੀਮ ਗੋਲ ਔਸਤ ਦੇ ਆਧਾਰ ’ਤੇ ਕੁਆਰਟਰ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ। ਦੂਜੇ ਪਾਸੇ ਭਾਰਤੀ ਰੇਲਵੇ ਦਿੱਲੀ ਨੇ ਆਰਮੀ ਇਲੈਵਨ ਦਿੱਲੀ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਦੋਵੇਂ ਗੋਲ ਜਸਕਰਨ ਸਿੰਘ ਨੇ (35ਵੇਂ ਅਤੇ 47ਵੇਂ ਮਿੰਟ) ਕੀਤੇ, ਜਦਕਿ ਹਵਾਈ ਸੈਨਾ ਵੱਲੋਂ ਰਾਹੁਲ ਰਾਜਭਰ ਨੇ 37ਵੇਂ ਮਿੰਟ ’ਚ ਇਕਲੌਤਾ ਗੋਲ ਕੀਤਾ। ਇਸ ਪੂਲ ਵਿੱਚ ਪੰਜਾਬ ਪੁਲੀਸ, ਭਾਰਤੀ ਹਵਾਈ ਸੈਨਾ ਅਤੇ ਪੰਜਾਬ ਐਂਡ ਸਿੰਧ ਬੈਂਕ ਤਿੰਨਾਂ ਟੀਮਾਂ ਦੇ ਬਰਾਬਰ 3-3 ਅੰਕ ਸਨ, ਪਰ ਬਿਹਤਰ ਗੋਲ ਔਸਤ ਦੇ ਆਧਾਰ ’ਤੇ ਪੰਜਾਬ ਪੁਲੀਸ ਅਤੇ ਭਾਰਤੀ ਹਵਾਈ ਸੈਨਾ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਦੂਜੇ ਮੈਚ ਵਿੱਚ ਭਾਰਤੀ ਰੇਲਵੇ ਨੇ ਆਰਮੀ ਇਲੈਵਨ ਨੂੰ 2-0 ਨਾਲ ਹਰਾ ਕੇ ਪੂਲ-ਡੀ ’ਚੋਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ।
ਅੱਜ ਦੇ ਮੈਚ
ਇੰਡੀਅਨ ਆਇਲ ਮੁੰਬਈ ਬਨਾਮ ਇੰਡੀਅਨ ਨੇਵੀ (ਸ਼ਾਮ 4:30 ਵਜੇ)
ਭਾਰਤ ਪੈਟਰੋਲੀਅਮ ਮੁੰਬਈ ਬਨਾਮ ਕੈਗ ਦਿੱਲੀ (ਸ਼ਾਮ 6:15 ਵਜੇ)
