ਸਕੂਲਾਂ ਦੇ ਸੂਬਾ ਪੱਧਰੀ ਸ਼ੂਟਿੰਗ ਮੁਕਾਬਲੇ ਸ਼ੁਰੂ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਾਈਆਂ ਜਾ ਰਹੀਆਂ 69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਵਿੱਚ ਸ਼ੂਟਿੰਗ ਮੁਕਾਬਲੇ ਅੱਜ ਮੁਹਾਲੀ ਦੀ ਫੇਜ਼ ਛੇ ਦੀ ਸ਼ੂਟਿੰਗ ਰੇਂਜ ਵਿੱਚ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 14, 17 ਤੇ 19 ਸਾਲ ਦੇ ਮੁੰਡੇ ਕੁੜੀਆਂ ਭਾਗ ਲੈ ਰਹੇ ਹਨ। ਸ਼ੂਟਿੰਗ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਖ਼ੁਦ ਨਿਸ਼ਾਨਾ ਲਗਾ ਕੇ ਕੀਤਾ। ਉਨ੍ਹਾਂ ਸ਼ੂਟਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਸ਼ੂਟਰਾਂ ਦਾ ਸਵਾਗਤ ਕੀਤਾ, ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਭਾਵਨਾ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੂਬਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਮੁੰਡੇ-ਕੁੜੀਆਂ ਦੇ ਵੱਖ-ਵੱਖ ਵਰਗਾਂ ਦੇ ਰਾਈਫਲ, ਪਿਸਟਲ ਤੇ ਓਪਨ ਸਾਈਟ ਰਾਈਫਲ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਪੁੱਜ ਗਈਆਂ ਹਨ। ਜੇਤੂ ਰਹਿਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਜੇਤੂ ਸ਼ੂਟਰ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਇਸ ਮੌਕੇ ਸ਼ੂਟਿੰਗ ਕੋਚ ਸੁਪਰੀਤ ਸਿੰਘ, ਮਨਪ੍ਰੀਤ ਸਿੰਘ ਰੂਬੀ, ਮਨਕਰਨ ਸਿੰਘ, ਸੰਯਮ ਬਾਗਲਾ ਆਦਿ ਹਾਜ਼ਰ ਸਨ।
