ਖੇਡ ਮੰਤਰਾਲੇ ਵੱਲੋਂ ਕੌਮੀ ਝੰਡੇ ਬਾਰੇ ਕੁਇਜ਼ ਸ਼ੁਰੂ
ਨੌਜਵਾਨ ਮਾਮਲੇ ਤੇ ਖੇਡ ਮੰਤਰਾਲੇ ਨੇ ਕੌਮੀ ਝੰਡੇ ਬਾਰੇ ਆਨਲਾਈਨ ਕੁਇਜ਼ ਸ਼ੁਰੂ ਕੀਤਾ ਹੈ ਅਤੇ 21 ਤੋਂ 29 ਸਾਲ ਦੀ ਉਮਰ ਵਰਗ ਦੇ 25 ਸਿਖਰਲੇ ਜੇਤੂਆਂ ਨੂੰ ਖੇਡ ਮੰਤਰੀ ਮਨਸੁਖ ਮਾਂਡਵੀਆ ਨਾਲ ਸਿਆਚਿਨ ਜਾਣ ਦਾ ਮੌਕਾ ਮਿਲੇਗਾ। ਮੰਤਰਾਲੇ ਅਨੁਸਾਰ ਇਹ ਕੁਇਜ਼ ਦੇਸ਼ ਭਗਤੀ ਨੂੰ ਹੁਲਾਰਾ ਦੇਵੇਗਾ ਅਤੇ ਭਾਰਤੀ ਕੌਮੀ ਝੰਡੇ ਬਾਰੇ ਜਾਗਰੂਕਤਾ ਵਧਾਏਗਾ। ਮੰਤਰਾਲੇ ਨੇ ਕਿਹਾ, ‘ਮਾਈਭਾਰਤ ਪੋਰਟਲ (ਮਾਈਭਾਰਤ.ਜੀਓਵੀ.ਇਨ) ’ਤੇ ਇਹ ਆਨਲਾਈਨ ਕੁਇਜ਼ ਸਾਰੇ ਨਾਗਰਿਕਾਂ ਨੂੰ ਇਸ ’ਚ ਭਾਗ ਲੈਣ ਤੇ ਤਿਰੰਗੇ ਬਾਰੇ ਆਪਣੇ ਗਿਆਨ ਦੀ ਅਜ਼ਮਾਇਸ਼ ਕਰਨ ਦਾ ਸੱਦਾ ਦਿੰਦਾ ਹੈ।’ ਇਸ ਵਿੱਚ ਕਈ ਜਵਾਬਾਂ ਵਾਲੇ ਸਵਾਲ ਹੋਣਗੇ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਈ-ਸਰਟੀਫਿਕੇਟ ਦਿੱਤੇ ਜਾਣਗੇ। ਮੰਤਰਾਲੇ ਨੇ ਕਿਹਾ, ‘ਇੱਕ ਸ਼ਾਨਦਾਰ ਹੌਸਲਾ ਵਧਾਊ ਇਨਾਮ ਵਜੋਂ ਸਿਖਰਲੇ 25 ਪ੍ਰਤੀਭਾਗੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੇਂਦਰੀ ਨੌਜਵਾਨ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਸਿਆਚਿਨ ਦੀ ਯਾਤਰਾ ਦਾ ਮੌਕਾ ਮਿਲੇਗਾ।’ ਮੰਤਰਾਲੇ ਨੇ ਕਿਹਾ, ‘ਸਿਆਚਿਨ ਦੀ ਯਾਤਰਾ ਲਈ ਜੇਤੂਆਂ ਦੀ ਚੋਣ 21 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨਾਂ ਤੱਕ ਸੀਮਤ ਹੋਵੇਗੀ। 25 ਜੇਤੂਆਂ ਦੀ ਆਖਰੀ ਚੋਣ ਸਭ ਤੋਂ ਵੱਧ ਸਕੋਰ ਬਣਾਉਣ ਵਾਲਿਆਂ ’ਚੋਂ ਕੰਪਿਊਟਰ ਆਧਾਰਿਤ ਲਾਟਰੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।’