ਖੇਡਾਂ ਵਤਨ ਪੰਜਾਬ ਦੀਆਂ: ਸੰਗਰੂਰ ਤੋਂ ਮਸ਼ਾਲ ਰਿਲੇਅ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2025 ਸਬੰਧੀ ਅੱਜ ਮਸ਼ਾਲ ਰਿਲੇਅ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਰਿਲੇਅ ਦੀ ਸ਼ੁਰੂਆਤ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਤੋਂ ਕੀਤੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵੈਟਰਨ ਅਥਲੀਟ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਐੱਸਡੀਐੱਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਰਿਲੇਅ ਦੌਰਾਨ ਹੈਂਡਬਾਲ ਖਿਡਾਰੀ ਪਰਮਜੀਤ ਕੌਰ, ਰੋਲਰ ਸਕੇਟਰ ਗੁਰਸੇਵਕ ਸਿੰਘ ਚੀਮਾ ਤੇ ਦਕਸ਼ਨੂ ਸਿੰਘ, ਜਦਕਿ ਵੇਟ ਲਿਫਟਰ ਹਰਸ਼ਦੀਪ ਕੌਰ ਸਮੇਤ ਹੋਰ ਖਿਡਾਰੀਆਂ ਨੇ ਮਸ਼ਾਲ ਚੁੱਕ ਕੇ ਸ਼ਹਿਰ ਦਾ ਚੱਕਰ ਲਾਇਆ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਹ ਟਾਰਚ ਰਿਲੇਅ ਸਾਰੇ ਜ਼ਿਲ੍ਹਿਆਂ ’ਚੋਂ ਹੁੰਦੀ ਹੋਈ 29 ਅਗਸਤ ਨੂੰ ਹੁਸ਼ਿਆਰਪੁਰ ਵਿੱਚ ਸਮਾਪਤ ਹੋਵੇਗੀ, ਜਿੱਥੇ ਉਦਘਾਟਨੀ ਸਮਾਗਮ ਹੋਵੇਗਾ। ਇਸ ਮਗਰੋਂ 3 ਸਤੰਬਰ ਤੋਂ 23 ਨਵੰਬਰ ਤੱਕ ਸੂਬੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਵੀ 37 ਤੋਂ ਵੱਧ ਖੇਡਾਂ ਦੇ 9 ਉਮਰ ਵਰਗਾਂ ਵਿੱਚ ਲਗਪਗ 5 ਲੱਖ ਖਿਡਾਰੀ ਹਿੱਸਾ ਲੈਣਗੇ। ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਇਹ ਖੇਡਾਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣਾ ਹੁਨਰ ਹੋਰ ਨਿਖਾਰਨ ਦਾ ਮੌਕਾ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਅੱਜ ਸੰਗਰੂਰ ਤੋਂ ਸ਼ੁਰੂ ਹੋਈ ਰਿਲੇਅ 21 ਅਗਸਤ ਨੂੰ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ, 22 ਨੂੰ ਫਾਜ਼ਿਲਕਾ ਤੇ ਫਰੀਦਕੋਟ, 23 ਨੂੰ ਫਿਰੋਜ਼ਪੁਰ ਤੇ ਤਰਨ ਤਾਰਨ, 24 ਨੂੰ ਅੰਮ੍ਰਿਤਸਰ ਅਤੇ ਗੁਰਦਾਸਪੁਰ, 25 ਨੂੰ ਪਠਾਨਕੋਟ, ਕਪੂਰਥਲਾ ਤੇ ਜਲੰਧਰ, 26 ਨੂੰ ਮੋਗਾ ਤੇ ਲੁਧਿਆਣਾ, 27 ਨੂੰ ਮਾਲੇਰਕੋਟਲਾ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ, 28 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਤੇ 29 ਨੂੰ ਸ਼ਹੀਦ ਭਗਤ ਸਿੰਘ ਨਗਰ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚ ਕੇ ਸਮਾਪਤ ਹੋਵੇਗੀ।