Spinner Dilip Doshi Demise: ਭਾਰਤੀ ਕ੍ਰਿਕਟ ਬੋਰਡ ਵੱਲੋਂ ਸਪਿੰਨਰ ਦਿਲੀਪ ਦੋਸ਼ੀ ਦੇ ਦੇਹਾਂਤ 'ਤੇ ਦੁੱਖ ਜ਼ਾਹਰ
ਮੁੰਬਈ, 24 ਜੂਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਖੱਬੂ ਸਪਿੰਨਰ ਦਿਲੀਪ ਦੋਸ਼ੀ (left-arm spinner Dilip Doshi) ਦੇ ਦੇਹਾਂਤ 'ਤੇ ਡੂੰਘਾ ਦੁੱਖ ਅਤੇ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਦਾ 77 ਸਾਲ ਦੀ ਉਮਰ ਵਿੱਚ ਲੰਡਨ ’ਚ ਦੇਹਾਂਤ ਹੋ ਗਿਆ, ਜਿਥੇ ਉਹ ਬੀਤੇ ਕਈ ਦਹਾਕਿਆਂ ਤੋਂ ਰਹਿ ਰਹੇ ਸਨ।
ਬੀਸੀਸੀਆਈ ਦੇ ਮੀਡੀਆ ਸਲਾਹਕਾਰ ਦੇ ਅਨੁਸਾਰ ਦੋਸ਼ੀ ਦਾ ਲੰਡਨ ਵਿੱਚ ਦਿਲ ਦੀਆਂ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਆਪਣੇ ਜ਼ਮਾਨੇ ਦੇ ਨਾਮੀ ਅਤੇ ਖੱਬੇ ਹੱਥ ਦੇ ਕਲਾਸੀਕਲ ਗੇਂਦਬਾਜ਼ ਨੇ ਆਪਣੇ ਐਕਸ਼ਨ ਨਾਲ 33 ਮੈਚਾਂ ਵਿੱਚ 114 ਟੈਸਟ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਛੇ ਵਾਰ ਇਕ ਪਾਰੀ ਦੌਰਾਨ ਪੰਜ-ਵਿਕਟਾਂ ਝਟਕਾਉਣ ਦਾ ਕਾਰਨਾਮਾ ਦਿਖਾਇਆ।
ਉਨ੍ਹਾਂ ਰੋਜ਼ਾ ਮੈਚਾਂ ਵਿੱਚ ਵੀ ਆਪਣੀ ਛਾਪ ਛੱਡੀ ਅਤੇ 15 ਇੱਕ ਰੋਜ਼ਾ ਮੈਚਾਂ ਵਿੱਚ 22 ਵਿਕਟਾਂ ਲਈਆਂ। ਦੋਸ਼ੀ ਨੇ ਪਹਿਲਾ ਦਰਜਾ ਕ੍ਰਿਕਟ ਵਿੱਚ ਸੌਰਾਸ਼ਟਰ, ਬੰਗਾਲ, ਵਾਰਵਿਕਸ਼ਾਇਰ ਅਤੇ ਨਾਟਿੰਘਮਸ਼ਾਇਰ ਦੀ ਨੁਮਾਇੰਦਗੀ ਕੀਤੀ ਅਤੇ 238 ਮੈਚਾਂ ਵਿੱਚ 26.58 ਦੀ ਔਸਤ ਨਾਲ 898 ਵਿਕਟਾਂ ਲਈਆਂ। ਦੋਸ਼ੀ 1970 ਦੇ ਦਹਾਕੇ ਦੀ ਮਸ਼ਹੂਰ ਸਪਿੰਨ ਚੌਂਕੜੀ ਦੇ ਨਕਸ਼ੇ ਕਦਮ 'ਤੇ ਚੱਲਦੇ ਰਹੇ ਅਤੇ 32 ਸਾਲ ਦੀ ਉਮਰ ਵਿੱਚ ਆਪਣਾ ਡੈਬਿਊ ਕੀਤਾ ਸੀ।
ਬੀਸੀਸੀਆਈ ਨੇ ਉਨ੍ਹਾਂ ਦੇ ਚਲਾਣੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਕਿਹਾ ਕਿ ਬੋਰਡ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ, ਅਜ਼ੀਜ਼ਾਂ ਅਤੇ ਕ੍ਰਿਕਟ ਭਾਈਚਾਰੇ ਨਾਲ ਖੜ੍ਹਾ ਹੈ।
ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਨੇ ਕਿਹਾ: "ਸਾਨੂੰ ਦਿਲੀਪ ਦੋਸ਼ੀ ਦੇ ਦੇਹਾਂਤ ਬਾਰੇ ਪਤਾ ਲੱਗਾ ਤਾਂ ਬਹੁਤ ਦੁੱਖ ਹੋਇਆ। ਉਹ ਸਪਿੰਨ ਗੇਂਦਬਾਜ਼ੀ ਦੇ ਇੱਕ ਸੱਚੇ ਖਿਡਾਰੀ ਸਨ, ਮੈਦਾਨ ਦੇ ਅੰਦਰ ਅਤੇ ਬਾਹਰ ਇੱਕ ਸੱਜਣ ਸਨ, ਅਤੇ ਭਾਰਤੀ ਕ੍ਰਿਕਟ ਦੇ ਸਮਰਪਿਤ ਸੇਵਕ ਸਨ। ਖੇਡ 'ਤੇ ਉਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਸੀ, ਅਤੇ ਉਨ੍ਹਾਂ ਨੇ ਆਪਣੇ ਹੁਨਰ ਅਤੇ ਸਮਰਪਣ ਨਾਲ ਕ੍ਰਿਕਟਰਾਂ ਦੀ ਇੱਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ।’’
ਨਾਮੀ ਖਿਡਾਰੀ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਦੀ ਮੌਤ ਉਤੇ ਦੁੱਖ ਜ਼ਾਹਰ ਕਰਦਿਆਂ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਨਾਲ ਹੋਈ ਆਪਣੀ ਪਹਿਲੀ ਮਿਲਣੀ ਨੂੰ ਚੇਤੇ ਕੀਤਾ ਹੈ। ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਤੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਫ਼ਾਰੂਖ਼ ਇੰਜਨੀਅਰ ਨੇ ਵੀ ਉਨ੍ਹਾਂ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ। -ਏਜੰਸੀਆਂ