ਚੰਨੀ ਦੀ ਅਗਵਾਈ ਹੇਠਲੀ ਖੇਤੀਬਾੜੀ ਕਮੇਟੀ ਨੂੰ ਵਿਸ਼ੇਸ਼ ਪੁਰਸਕਾਰ
ਇੱਥੇ ਅੱਜ ਲੋਕ ਸਭਾ ਵਿੱਚ ਮਿਸਾਲੀ ਪ੍ਰਦਰਸ਼ਨ ਲਈ ਜਿੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਸੁਪ੍ਰਿਆ ਸੁਲੇ, ਭਾਜਪਾ ਦੇ ਰਵੀ ਕਿਸ਼ਨ ਤੇ ਨਿਸ਼ੀਕਾਂਤ ਦੂਬੇ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਸਣੇ 17 ਸੰਸਦ ਮੈਂਬਰਾਂ ਦਾ ‘ਸੰਸਦ ਰਤਨ’ 2025 ਨਾਲ ਸਨਮਾਨ ਕੀਤਾ ਗਿਆ, ਉੱਥੇ ਹੀ ਕਮੇਟੀ ਵਰਗ ਵਿੱਚ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਾਲੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਕਮੇਟੀ ਨੂੰ ਇਹ ਪੁਰਸਕਾਰ ਉਸ ਦੀਆਂ ਰਿਪੋਰਟਾਂ ਦੇ ਮਿਆਰ ਅਤੇ ਵਿਧਾਨਕ ਨਿਗਰਾਨੀ ’ਚ ਯੋਗਦਾਨ ਲਈ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਹੋਰ ਸਨਮਾਨਿਤ ਕੀਤੇ ਜਾਣ ਵਾਲੇ ਸੰਸਦ ਮੈਂਬਰਾਂ ਵਿੱਚ ਭਾਜਪਾ ਦੀ ਸਮਿਤਾ ਉਦੈ ਵਾਘ, ਸ਼ਿਵ ਸੈਨਾ ਦੇ ਨਰੇਸ਼ ਮਹਸਕੇ, ਕਾਂਗਰਸ ਦੀ ਵਰਸ਼ਾ ਗਾਇਕਵਾੜ, ਭਾਜਪਾ ਦੀ ਮੇਧਾ ਕੁਲਕਰਨੀ, ਭਾਜਪਾ ਦੇ ਪ੍ਰਵੀਨ ਪਟੇਲ, ਵਿਦਯੁਤ ਬਰਨ ਮਹਿਤੋ ਤੇ ਦਿਲੀਪ ਸੈਕੀਆ ਸ਼ਾਮਲ ਹਨ। ਇਸੇ ਤਰ੍ਹਾਂ ਕਮੇਟੀ ਸ਼੍ਰੇਣੀ ਵਿੱਚ ਪੰਜਾਬ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਡਾ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਾਲੀ ਖੇਤੀਬਾੜੀ ਸਬੰਧੀ ਸਥਾਈ ਕਮੇਟੀ ਨੂੰ ਉਸ ਦੀਆਂ ਰਿਪੋਰਟਾਂ ਦੀ ਗੁਣਵੱਤਾ ਅਤੇ ਵਿਧਾਨਕ ਨਿਗਰਾਨੀ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭਰਤਰੂਹਰੀ ਮਹਿਤਾਬ ਦੀ ਪ੍ਰਧਾਨਗੀ ਵਾਲੀ ਵਿੱਤ ਸਬੰਧੀ ਸਥਾਈ ਕਮੇਟੀ ਨੂੰ ਵੀ ਇਸ ਸ਼੍ਰੇਣੀ ਵਿੱਚ ਪੁਰਸਕਾਰ ਦਿੱਤਾ ਗਿਆ ਹੈ।
ਚਾਰ ਵਿਸ਼ੇਸ਼ ਜਿਊਰੀ ਪੁਰਸਕਾਰ ਵੀ ਦਿੱਤੇ
ਇਨ੍ਹਾਂ ਸਨਮਾਨਾਂ ਵਿੱਚ ਚਾਰ ਵਿਸ਼ੇਸ਼ ਜਿਊਰੀ ਪੁਰਸਕਾਰ ਵੀ ਸ਼ਾਮਲ ਹਨ ਜੋ ਲਗਾਤਾਰ ਤਿੰਨ ਕਾਰਜਕਾਲਾਂ ’ਚ ਸੰਸਦੀ ਲੋਕਤੰਤਰ ਵਿੱਚ ਉਨ੍ਹਾਂ ਦੇ ਲਗਾਤਾਰ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਵਿਸ਼ੇਸ਼ ਪੁਰਸਕਾਰ ਉੜੀਸਾ ਤੋਂ ਭਾਜਪਾ ਦੇ ਭਰਤਰੂਹਰੀ ਮਹਿਤਾਬ, ਕੇਰਲਾ ਤੋਂ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐੱਨਕੇ ਪ੍ਰੇਮਚੰਦਰਨ, ਮਹਾਰਾਸ਼ਟਰ ਤੋਂ ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੁਲੇ ਅਤੇ ਸ਼ਿਵ ਸੈਨਾ ਦੇ ਸ੍ਰੀਰੰਗ ਅੱਪਾ ਬਾਰਨੇ ਨੂੰ ਦਿੱਤੇ ਜਾਣਗੇ। ਇਨ੍ਹਾਂ ਸਾਰਿਆਂ ਨੇ 16ਵੀਂ ਲੋਕ ਸਭਾ ਦੇ ਬਾਅਦ ਤੋਂ ਸਭ ਤੋਂ ਵਧੀਆ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ।