ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁਮਰਾਹ ਅੱਗੇ ਟਿਕ ਨਾ ਸਕੇ ਦੱਖਣ ਅਫਰੀਕੀ ਬੱਲੇਬਾਜ਼

16ਵੀਂ ਵਾਰ ਲਈਆਂ ਪੰਜ ਵਿਕਟਾਂ; ਮਹਿਮਾਨ ਟੀਮ 159 ਦੌਡ਼ਾਂ ’ਤੇ ਢੇਰ
ਵਿਕਟ ਲੈਣ ਮਗਰੋਂ ਸਾਥੀ ਖਿਡਾਰੀਆਂ ਨਾਲ ਖ਼ੁਸ਼ੀ ਮਨਾਉਂਦਾ ਹੋਇਆ ਜਸਪ੍ਰੀਤ ਬੁਮਰਾਹ। -ਫੋਟੋ: ਪੀਟੀਆਈ
Advertisement

ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੂੰ ਸਿਰਫ਼ 159 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤੀ ਤੇਜ਼ ਗੇਂਦਬਾਜ਼ ਨੇ 14 ਓਵਰਾਂ ਵਿੱਚ ਸਿਰਫ਼ 27 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਸ ਨੇ ਕਰੀਅਰ ਵਿੱਚ 16ਵੀਂ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਭਾਰਤ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ਦੇ ਨੁਕਸਾਨ ’ਤੇ 37 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਮਹਿਮਾਨ ਟੀਮ ਤੋਂ ਸਿਰਫ਼ 122 ਦੌੜਾਂ ਪਿੱਛੇ ਹੈ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ 10 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 57 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਪਰ ਇਸ ਤੋਂ ਬਾਅਦ ਟੀਮ ਨੇ ਅਗਲੇ 45 ਓਵਰਾਂ ਵਿੱਚ ਸਿਰਫ਼ 102 ਦੌੜਾਂ ਦੇ ਅੰਦਰ ਆਪਣੀਆਂ ਸਾਰੀਆਂ 10 ਵਿਕਟਾਂ ਗੁਆ ਦਿੱਤੀਆਂ।

Advertisement

ਬੁਮਰਾਹ ਨੇ ਆਪਣੇ ਪਹਿਲੇ ਸਪੈੱਲ ਵਿੱਚ ਹੀ ਲਗਾਤਾਰ ਦੋ ਓਵਰਾਂ ਵਿੱਚ ਦੋ ਵਿਕਟਾਂ ਲੈ ਕੇ ਮੈਚ ਦਾ ਰੁਖ਼ ਬਦਲ ਦਿੱਤਾ। ਉਸ ਨੇ ਪਹਿਲਾਂ ਰਿਆਨ ਰਿਕਲਟਨ (23) ਅਤੇ ਫਿਰ ਏਡਨ ਮਾਰਕਰਮ (31) ਨੂੰ ਪਵੇਲੀਅਨ ਭੇਜਿਆ। ਲੰਚ ਤੋਂ ਬਾਅਦ ਉਸ ਨੇ ਟੋਨੀ ਡੀ ਜ਼ੋਰਜ਼ੀ (24) ਨੂੰ ਐੱਲ ਬੀ ਡਬਲਿਊ ਆਉੂਟ ਕੀਤਾ ਅਤੇ ਫਿਰ ਅੰਤ ਵਿੱਚ ਰਿਵਰਸ ਸਵਿੰਗ ਨਾਲ ਸਾਈਮਨ ਹਾਰਮਰ ਅਤੇ ਕੇਸ਼ਵ ਮਹਾਰਾਜ ਦੀਆਂ ਵਿਕਟਾਂ ਲਈਆਂ।

ਮੁਹੰਮਦ ਸਿਰਾਜ (2/47) ਨੇ ਦੂਜੇ ਸੈਸ਼ਨ ਵਿੱਚ ਚਾਰ ਗੇਂਦਾਂ ’ਚ ਦੋ ਵਿਕਟਾਂ ਲਈਆਂ। ਸਪਿੰਨਰ ਕੁਲਦੀਪ ਯਾਦਵ (2/29) ਨੇ ਵੀ ਅਹਿਮ ਯੋਗਦਾਨ ਪਾਉਂਦਿਆਂ ਕਪਤਾਨ ਟੈਂਬਾ ਬਾਵੂਮਾ ਅਤੇ ਵੀਆਨ ਮੁਲਡਰ (24) ਨੂੰ ਆਪਣਾ ਸ਼ਿਕਾਰ ਬਣਾਇਆ। ਅਕਸ਼ਰ ਪਟੇਲ (1/21) ਨੇ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਕੋਰਬਿਨ ਬੋਸ਼ ਨੂੰ ਆਊਟ ਕੀਤਾ।

ਜਵਾਬ ਵਿੱਚ ਭਾਰਤ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ 20 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 37 ਦੌੜਾਂ ਬਣਾ ਲਈਆਂ ਸਨ। ਮਾਰਕੋ ਜੈਨਸਨ ਨੇ ਯਸ਼ਸਵੀ ਜੈਸਵਾਲ (12) ਨੂੰ ਆਊਟ ਕੀਤਾ। ਇਸ ਤੋਂ ਬਾਅਦ ਕੇ ਐੱਲ ਰਾਹੁਲ (ਨਾਬਾਦ 13 ਦੌੜਾਂ) ਅਤੇ ਵਾਸ਼ਿੰਗਟਨ ਸੁੰਦਰ (ਨਾਬਾਦ 6 ਦੌੜਾਂ) ਨੇ ਹੋਰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਈਡਨ ਗਾਰਡਨਜ਼ ਵਿੱਚ ਮੌਜੂਦ 36,000 ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਭਾਰਤ ਹੁਣ ਦੱਖਣੀ ਅਫਰੀਕਾ ਤੋਂ 122 ਦੌੜਾਂ ਪਿੱਛੇ ਹੈ।

Advertisement
Show comments