ਸਿਰਾਜ ਅਗਸਤ ਮਹੀਨੇ ਦਾ ਸਰਵੋਤਮ ਕ੍ਰਿਕਟਰ ਬਣਿਆ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਅਗਸਤ ਮਹੀਨੇ ਦਾ ਆਈ ਸੀ ਸੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਆਇਰਲੈਂਡ ਦੀ ਓਰਲਾ ਪ੍ਰੇਂਡਰਗੈਸਟ ਦੀ ਸਰਵੋਤਮ ਖਿਡਾਰਨ ਵਜੋਂ ਚੋਣ ਹੋਈ ਹੈ। ਸਿਰਾਜ ਨੇ ਨਿਊਜ਼ੀਲੈਂਡ ਦੇ ਮੈਟ ਹੈਨਰੀ ਅਤੇ ਵੈਸਟਇੰਡੀਜ਼ ਦੇ ਜੇਡਨ ਸੀਲਜ਼ ਨੂੰ ਪਛਾੜਿਆ ਹੈ। ਸਿਰਾਜ ਨੇ ਓਵਲ ਵਿੱਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਪੰਜਵੇਂ ਟੈਸਟ ਮੈਚ ਦੇ ਆਖਰੀ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਸਦਕਾ ਭਾਰਤ ਨੇ ਇਹ ਮੈਚ ਛੇ ਦੌੜਾਂ ਨਾਲ ਜਿੱਤਿਆ। ਸਰਵੋਤਮ ਖਿਡਾਰੀ ਚੁਣੇ ਜਾਣ ਮਗਰੋਂ ਭਾਰਤੀ ਤੇਜ਼ ਗੇਂਦਬਾਜ਼ ਨੇ ਕਿਹਾ, ‘ਆਈਸੀਸੀ ਦਾ ਮਹੀਨੇ ਦਾ ਸਰਵੋਤਮ ਖਿਡਾਰੀ ਚੁਣਿਆ ਜਾਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਐਂਡਰਸਨ-ਤੇਂਦੁਲਕਰ ਟਰਾਫੀ ਇੱਕ ਯਾਦਗਾਰੀ ਲੜੀ ਸੀ ਅਤੇ ਇਹ ਸਭ ਤੋਂ ਦਿਲਚਸਪ ਮੈਚਾਂ ’ਚੋਂ ਇੱਕ ਸੀ, ਜਿਸ ਦਾ ਮੈਂ ਹਿੱਸਾ ਰਿਹਾ ਹਾਂ।’ ਸਿਰਾਜ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਮੈਂ ਗੇਂਦਬਾਜ਼ੀ ਨਾਲ ਕੁੱਝ ਯੋਗਦਾਨ ਪਾ ਸਕਿਆ, ਖਾਸ ਕਰਕੇ ਫੈਸਲਾਕੁਨ ਪਲਾਂ ਵਿੱਚ। ਉਨ੍ਹਾਂ ਦੇ ਘਰੇਲੂ ਹਾਲਾਤ ਵਿੱਚ ਸਿਖਰਲੇ ਬੱਲੇਬਾਜ਼ੀ ਕ੍ਰਮ ਖ਼ਿਲਾਫ਼ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਸੀ, ਪਰ ਇਸ ਨੇ ਮੈਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।’
ਨਿਊਜ਼ੀਲੈਂਡ ਦੇ ਹੈਨਰੀ ਨੂੰ ਜ਼ਿੰਬਾਬਵੇ ਵਿੱਚ ਟੈਸਟ ਲੜੀ ’ਚ ਜਿੱਤ ਦੌਰਾਨ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਸੀ। ਸੱਜੇ ਹੱਥ ਦੇ ਗੇਂਦਬਾਜ਼ ਨੇ ਇਸ ਲੜੀ ਵਿੱਚ 16 ਵਿਕਟਾਂ ਲਈਆਂ ਸਨ।