ਸਿੰਧੂ ਬੀ ਡਬਲਿਊ ਐੱਫ ਟੂਰ ’ਚ ਨਹੀਂ ਲਵੇਗੀ ਹਿੱਸਾ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਯੂਰਪੀ ਗੇੜ ਤੋਂ ਪਹਿਲਾਂ ਲੱਤ ਵਿੱਚ ਲੱਗੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ’ਤੇ ਧਿਆਨ ਕੇਂਦਰਿਤ ਕਰਨ ਲਈ 2025 ਸੀਜ਼ਨ ਦੇ ਬਾਕੀ ਬਚੇ ਸਾਰੇ ਬੀ ਡਬਲਿਊ ਐੱਫ (ਬੈਡਮਿੰਟਨ ਵਰਲਡ ਫੈਡਰੇਸ਼ਨ) ਟੂਰ ਮੁਕਾਬਲਿਆਂ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਹੈਦਰਾਬਾਦ ਦੀ ਸ਼ਟਲਰ ਨੇ ਕਿਹਾ ਕਿ ਇਹ ਫ਼ੈਸਲਾ ਉਸ ਦੀ ਟੀਮ ਅਤੇ ਮੈਡੀਕਲ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਇਨ੍ਹਾਂ ਮਾਹਿਰਾਂ ਵਿੱਚ ਪ੍ਰਸਿੱਧ ਸਪੋਰਟਸ ਆਰਥੋਪੈਡਿਕ ਮਾਹਿਰ ਡਾ. ਦਿਨਸ਼ਾਅ ਪੜਦੀਵਾਲਾ ਵੀ ਸ਼ਾਮਲ ਹਨ।
ਸਿੰਧੂ ਨੇ ਅੱਜ ਬਿਆਨ ਵਿੱਚ ਕਿਹਾ, ‘ਆਪਣੀ ਟੀਮ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਡਾ. ਪੜਦੀਵਾਲਾ ਤੋਂ ਸਲਾਹ ਲੈਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੇਰੇ ਲਈ 2025 ਵਿੱਚ ਬਾਕੀ ਸਾਰੇ ਬੀ ਡਬਲਿਊ ਐੱਫ ਟੂਰ ਮੁਕਾਬਲਿਆਂ ਤੋਂ ਹਟਣਾ ਸਭ ਤੋਂ ਵਧੀਆ ਰਹੇਗਾ।’ ਉਸ ਨੇ ਕਿਹਾ, ‘ਯੂਰਪੀ ਗੇੜ ਤੋਂ ਪਹਿਲਾਂ ਮੇਰੀ ਲੱਤ ਵਿੱਚ ਜੋ ਸੱਟ ਲੱਗੀ ਸੀ, ਉਹ ਹਾਲੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਸੱਟ ਲੱਗਣਾ ਕਿਸੇ ਵੀ ਖਿਡਾਰੀ ਦੇ ਕਰੀਅਰ ਦਾ ਅਹਿਮ ਹਿੱਸਾ ਹੁੰਦਾ ਹੈ, ਹਾਲਾਂਕਿ ਇਸ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੁੰਦਾ। ਅਜਿਹੇ ਹਾਲਾਤ ਤੁਹਾਡਾ ਸਬਰ ਪਰਖਦੇ ਹਨ ਅਤੇ ਤੁਹਾਨੂੰ ਮਜ਼ਬੂਤ ਹੋ ਕੇ ਵਾਪਸੀ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ।’
