ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਨਹਿਰੀ ਨਿਸ਼ਾਨੇ ਵਾਲੀ ਸਿਫ਼ਤ ਸਾਧਾਰਨ ਕਿਸਾਨ ਦੀ ਧੀ

ਜਸਵੰਤ ਜੱਸ ਫ਼ਰੀਦਕੋਟ, 27 ਸਤੰਬਰ ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਫ਼ਰੀਦਕੋਟ ਸ਼ਹਿਰ ਦੀ 21 ਸਾਲਾ ਲੜਕੀ ਸਿਫ਼ਤ ਕੌਰ ਸਮਰਾ ਵੱਲੋਂ ਸੋਨ ਤਗ਼ਮਾ ਜਿੱਤਣ ਮਗਰੋਂ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਇਸ ਜਿੱਤ ’ਤੇ...
ਸਿਫਤ ਸਮਰਾ ਦੀ ਸਫਲਤਾ ਦੀ ਖ਼ੁਸ਼ੀ ਮਨਾਉਦੇ ਹੋਏ ਉਸਦੇ ਮਾਤਾ ਪਿਤਾ।
Advertisement

ਜਸਵੰਤ ਜੱਸ

ਫ਼ਰੀਦਕੋਟ, 27 ਸਤੰਬਰ

Advertisement

ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਫ਼ਰੀਦਕੋਟ ਸ਼ਹਿਰ ਦੀ 21 ਸਾਲਾ ਲੜਕੀ ਸਿਫ਼ਤ ਕੌਰ ਸਮਰਾ ਵੱਲੋਂ ਸੋਨ ਤਗ਼ਮਾ ਜਿੱਤਣ ਮਗਰੋਂ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਇਸ ਜਿੱਤ ’ਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਫਰੀਦਕੋਟ ਵਾਸੀਆਂ ਨੂੰ ਆਪਣੀ ਧੀ ’ਤੇ ਮਾਣ ਮਹਿਸੂਸ ਹੋ ਰਿਹਾ ਅਤੇ ਲੋਕ ਉਸ ਦੀ ਜਿੱਤ ਦੀਆਂ ਸਿਫ਼ਤਾਂ ਕਰ ਰਹੇ ਹਨ। ਸਿਫ਼ਤ ਕੌਰ ਸਮਰਾ ਸਾਧਾਰਨ ਕਿਸਾਨ ਦੀ ਧੀ ਹੈ। ਸਿਫ਼ਤ ਦੇ ਪਿਤਾ ਪਵਨਦੀਪ ਸਮਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਿਫ਼ਤ ਕੌਰ ਤੋਂ ਸੋਨ ਤਗ਼ਮੇ ਦੀ ਹੀ ਆਸ ਸੀ, ਜੋ ਉਸ ਨੇ ਪੂਰੀ ਕਰ ਦਿੱਤੀ ਹੈ। ਸਿਫ਼ਤ ਨੂੰ ਖੇਡਾਂ ਦਾ ਬਹੁਤ ਸ਼ੌਕ ਹੈ ਇਸ ਲਈ ਉਸ ਨੇ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਛੱਡ ਦਿੱਤੀ ਸੀ ਕਿਉਂਕਿ ਪੜ੍ਹਾਈ ਦੇ ਨਾਲ ਉਸ ਨੂੰ ਖੇਡ ਲਈ ਪੂਰਾ ਸਮਾਂ ਨਹੀਂ ਮਿਲਦਾ ਸੀ। ਫਿਲਹਾਲ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਗਰੈਜੂਏਸ਼ਨ ਕਰ ਰਹੀ ਹੈ। ਸਿਫ਼ਤ ਦਾ ਮੁਕਾਬਲਾ ਅੱਜ ਪਰਿਵਾਰਕ ਮੈਂਬਰਾਂ ਨੇ ਘਰ ਬੈਠ ਕੇ ਦੇਖਿਆ। ਉਹ ਇਸ ਤੋਂ ਪਹਿਲਾਂ ਕਈ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਸਿਫ਼ਤ ਸਮਰਾ ਦੇ ਪਿਤਾ ਨੇ ਦੱਸਿਆ ਕਿ ਇਸੇ ਸਾਲ ਮਾਰਚ ਵਿੱਚ ਜਰਮਨੀ ’ਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਿਸ਼ਵ ਕੱਪ ਵਿੱਚ ਸਿਫ਼ਤ ਕੌਰ ਨੇ 50 ਮੀਟਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ ਸਾਲ 2022 ਵਿੱਚ ਉਸ ਨੇ ਵੱਖ-ਵੱਖ ਮੁਕਾਬਿਲਆਂ ਵਿੱਚ ਪੰਜ ਤਗ਼ਮੇ ਜਿੱਤੇ ਸਨ। ਸਿਫ਼ਤ ਸਮਰਾ ਹੁਣ ਤੱਕ 8 ਤਗ਼ਮੇ ਜਿੱਤ ਚੁੱਕੀ ਹੈ। ਉਸ ਪਿਤਾ ਨੇ ਸਿਫ਼ਤ ਕੌਰ ਦੇ ਅਭਿਆਸ ਲਈ ਘਰ ਵਿੱਚ ਹੀ ਸ਼ੂਟਿੰਗ ਰੇਂਜ ਬਣਾ ਕੇ ਦਿੱਤੀ ਹੋਈ ਹੈ।

ਸਿਫਤ ਸਮਰਾ ਦੀ ਕੋਚ ਸੁਖਰਾਜ ਕੌਰ ਅਤੇ ਮਾਂ ਰਮਣੀਕ ਕੌਰ ਨੇ ਦੱਸਿਆ ਕਿ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਸਿਫ਼ਤ ਸਮਰਾ ਘਰ ਵਿੱਚ ਰੋਜ਼ਾਨਾ 5 ਤੋਂ 6 ਘੰਟੇ ਅਭਿਆਸ ਕਰਦੀ ਸੀ। ਚੀਨ ਦੇ ਸ਼ਹਿਰ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ 8 ਅਕਤੂਬਰ ਤੱਕ ਏਸ਼ਿਆਈ ਮੁਲਕਾਂ ਦੀਆਂ ਖੇਡਾਂ ਚੱਲ ਰਹੀਆਂ ਹਨ, ਜਿਸ ਵਿੱਚ 45 ਮੁਲਕਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦੇ 634 ਖਿਡਾਰੀ, 38 ਖੇਡ ਵੰਨਗੀਆਂ ਵਿੱਚ ਭਾਗ ਲੈ ਰਹੇ ਹਨ। ਸਿਫ਼ਤ ਕੌਰ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।

ਮੀਤ ਹੇਅਰ ਵੱਲੋਂ ਸਿਫ਼ਤ, ਅੰਗਦ ਤੇ ਗੁਰਜੋਤ ਨੂੰ ਵਧਾਈ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਇੱਕ ਸੋਨ ਤੇ ਇੱਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਅਤੇ ਪੁਰਸ਼ਾਂ ਦੇ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਸਿਫ਼ਤ ਤੇ ਦੋਵੇਂ ਸਕੀਟ ਨਿਸ਼ਾਨੇਬਾਜ਼ਾਂ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਉਦਘਾਟਨੀ ਸਮਾਗਮ ਵਿੱਚ ਸਿਫ਼ਤ ਸਮਰਾ ਮਸ਼ਾਲ ਮਾਰਚ ਦਾ ਹਿੱਸਾ ਸੀ।

Advertisement
Show comments