ਸ਼ੁਭਮਨ ਗਿੱਲ ਦਾ ਫਿਟਨੈੱਸ ਟੈਸਟ ਅੱਜ
ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਦੌਰਾਨ ਗਰਦਨ ਦੀ ਸੱਟ ਲੱਗਣ ਕਾਰਨ ਜੂਝ ਰਹੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਫਿਟਨੈੱਸ ਟੈਸਟ ਸ਼ੁੱਕਰਵਾਰ ਨੂੰ ਹੋਵੇਗਾ ਤਾਂ ਕਿ ਦੂਜੇ ਟੈਸਟ ਮੈਚ ’ਚ ਉਸ ਦੇ ਉਪਲਬਧ ਹੋਣ ਬਾਰੇ ਪਤਾ ਲੱਗ ਸਕੇ। ਇਹ ਜਾਣਕਾਰੀ ਬੱਲੇਬਾਜ਼ੀ ਕੋਚ ਸਿਤਾਂਸ਼ੂੁ ਕੋਟਕ ਨੇ ਦਿੱਤੀ ਹੈ। ਕੋਲਕਾਤਾ ’ਚ ਪਹਿਲੇ ਟੈਸਟ ਦੇ ਦੂਜੇ ਦਿਨ ਗਿੱਲ ਦੀ ਗਰਦਨ ’ਚ ਖਿਚਾਅ ਆ ਗਿਆ ਸੀ ਅਤੇ ਉਸ ਮਗਰੋਂ ਉਸ ਨੇ ਨੈੱਟ ਅਭਿਆਸ ਨਹੀਂ ਕੀਤਾ। ਦੂਜੇ ਮੈਚ ’ਚ ਉਸ ਦੇ ਖੇਡਣ ਦੀ ਸੰਭਾਵਨਾ ਘੱਟ ਹੈ ਪਰ ਬੀ ਸੀ ਸੀ ਆਈ ਦੀ ਸਪੋਰਟਸ ਸਾਇੰਸ ਟੀਮ ਆਖਰੀ ਫ਼ੈਸਲਾ ਲੈਣ ਤੋਂ ਪਹਿਲਾਂ ਉਡੀਕ ਕਰਨਾ ਚਾਹੁੰਦੀ ਹੈ। ਲੜੀ ਦਾ ਦੂਜਾ ਤੇ ਆਖ਼ਰੀ ਟੈਸਟ ਮੈਚ ਸ਼ਨਿਚਰਵਾਰ ਤੋਂ ਸ਼ੁਰੂ ਹੋਣਾ ਹੈ। ਭਾਰਤ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਪ੍ਰੈਕਟਿਸ ਸ਼ੈਸਨ ਤੋਂ ਪਹਿਲਾਂ ਕਿਹਾ, ‘‘ਉਹ (ਗਿੱਲ) ਤੇਜ਼ੀ ਨਾਲ ਫਿੱਟ ਹੋ ਰਿਹਾ ਹੈ, ਮੈਂ ਉਸ ਨੂੰ ਲੰਘੇ ਦਿਨ ਹੀ ਮਿਲਿਆ ਸੀ। ਡਾਕਟਰ ਦੇਖਣਗੇ ਕਿ ਪੂਰੀ ਤਰ੍ਹਾਂ ਫਿੱਟ ਹੋਣ ਮਗਰੋਂ ਮੈਚ ਦੌਰਾਨ ਸੱਟ ਮੁੜ ਉਭਰਨ ਦਾ ਖ਼ਦਸ਼ਾ ਹੈ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਸ਼ੁਭਮਨ ਗਿੱਲ ਨੂੰ ਇੱਕ ਮੈਚ ਲਈ ਆਰਾਮ ਦਿੱਤਾ ਜਾ ਸਕਦਾ ਹੈ, ਸਾਡੇ ਕੋਲ ਬਦਲ ਵਜੋਂ ਕਈ ਚੰਗੇ ਖਿਡਾਰੀ ਮੌਜੂਦ ਹਨ।
