ਸ਼੍ਰੇਅਸ ਅਈਅਰ ਆਈਸੀਯੂ ’ਚੋਂ ਤਬਦੀਲ, ਹਾਲਤ ਸਥਿਰ
ਭਾਰਤ ਦੀ ਇਕ ਰੋਜ਼ਾ ਟੀਮ ਦੇ ਉਪ ਕਪਤਾਨ ਸ਼੍ਰੇਅਸ ਅਈਅਰ, ਜੋ ਆਸਟਰੇਲੀਆ ਖਿਲਾਫ਼ ਤੀਜੇ ਇਕ ਰੋਜ਼ਾ ਮੈਚ ਦੌਰਾਨ ਕੈਚ ਫੜਨ ਮੌਕੇ ਆਪਣੀ ਖੱਬੀ ਪਸਲੀ ਤੇ ਤਿੱਲੀ ’ਤੇ ਸੱਟ ਲੁਆ ਬੈਠਾ ਸੀ, ਨੂੰ ਸਿਡਨੀ ਦੇ ਹਸਪਤਾਲ ਵਿਚ ਆਈਸੀਯੂ ’ਚੋਂ ਤਬਦੀਲ ਕਰ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਅਈਅਰ ਦੀ ਹਾਲਤ ਸਥਿਰ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਚਲੇ ਸੂਤਰ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ, ‘‘ਉਸ (ਅਈਅਰ) ਨੂੰ ਆਈਸੀਯੂ ’ਚੋਂ ਤਬਦੀਲ ਕਰ ਦਿੱਤਾ ਹੈ। ਉਸ ਨੂੰ ਛੁੱਟੀ ਦੇਣ ਤੋਂ ਪਹਿਲਾਂ ਅਜੇ ਕੁਝ ਹੋਰ ਦਿਨ ਸਿਡਨੀ ਦੇ ਹਸਪਤਾਲ ਵਿਚ ਰੱਖਿਆ ਜਾਵੇਗਾ।’’
ਹਰਸ਼ਿਤ ਰਾਣਾ ਦੀ ਗੇਂਦ ’ਤੇ ਐਲਕਸ ਕੈਰੀ ਦਾ ਮੁਸ਼ਕਲ ਕੈਚ ਫੜਦਿਆਂ ਅਈਅਰ ਖੱਬੀ ਪਸਲੀ ਉੱਤੇ ਸੱਟ ਲੁਆ ਬੈਠਾ ਸੀ। ਅਈਅਰ ਹਾਲਾਂਕਿ ਫਿਜ਼ੀਓ ਦੀ ਮਦਦ ਨਾਲ ਮੈਦਾਨ ਵਿਚੋਂ ਬਾਹਰ ਗਿਆ, ਪਰ ਮਗਰੋਂ ਉਸ ਦੀ ਹਾਲਤ ਵਿਗੜਦੀ ਗਈ ਤੇ ਉਸ ਨੂੰ ਫੌਰੀ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਜਾਂਚ ਦੌਰਾਨ ਉਸ ਦੀ ਤਿੱਲੀ ਵਿਚ ਅੰਦਰੂਨੀ ਖੂਨ ਰਿਸਣ ਦਾ ਪਤਾ ਲੱਗਾ ਤੇ ਉਸ ਨੂੰ ਆਈਸੀਯੂ ਵਿਚ ਦਾਖ਼ਲ ਕਰ ਲਿਆ ਗਿਆ। ਸੂਤਰਾਂ ਮੁਤਾਬਕ ਅਈਅਰ ਦੇ ਪਰਿਵਾਰਕ ਮੈਂਬਰਾਂ ਦੇ ਜਲਦੀ ਹੀ ਸਿਡਨੀ ਲਈ ਰਵਾਨਾ ਹੋਣ ਦੀ ਉਮੀਦ ਹੈ।
