ਨਿਸ਼ਾਨੇਬਾਜ਼ੀ: ਸਿਮਰਨਪ੍ਰੀਤ ਨੇ ਸੋਨ ਤਗ਼ਮਾ ਜਿੱਤਿਆ
ਇੱਥੇ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਫਾਈਨਲ ’ਚ 25 ਮੀਟਰ ਪਿਸਟਲ ਮੁਕਾਬਲੇ ’ਚ ਪੰਜਾਬ ਦੀ ਸਿਮਰਨਪ੍ਰੀਤ ਕੌਰ ਬਰਾੜ ਨੇ ਸੋਨ ਤਗ਼ਮਾ ਜਿੱਤਿਆ ਹੈ। ਪੁਰਸ਼ਾਂ ਦੇ 50 ਮੀਟਰ ਰਾਈਫਲ ਵਿੱਚ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ।
ਸਿਮਰਨਪ੍ਰੀਤ, ਜਿਸ ਦੇ ਪਿਤਾ ਨੇ ਖੇਡਾਂ ਵਿੱਚ ਆਪਣੀ ਧੀ ਨੂੰ ਅੱਗੇ ਲਿਆਉਣ ਲਈ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ, ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਖੇਡ ਸਫ਼ਰ ਦੀ ਸਭ ਤੋਂ ਵੱਡੀ ਪ੍ਰਾਪਤੀ ਨਾਲ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਖਿਡਾਰਨ ਈਸ਼ਾ ਸਿੰਘ ਸੱਤਵੇਂ ਸਥਾਨ ’ਤੇ ਰਹੀ। ਓਲੰਪਿਕ ’ਚ ਦੋ ਵਾਰ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਮਨੂ ਭਾਕਰ ਕੁਆਲੀਫਿਕੇਸ਼ਨ ਰਾਊਂਡ ਵਿੱਚ ਨੌਵੇਂ ਸਥਾਨ ’ਤੇ ਰਹੀ, ਜਿਸ ਕਾਰਨ ਉਹ ਫਾਈਨਲ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਕੁਆਲੀਫਿਕੇਸ਼ਨ ਰਾਊਂਡ ’ਚ 21 ਸਾਲਾ ਸਿਮਰਨਪ੍ਰੀਤ ਨੇ 585 ਦਾ `ਸਕੋਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਸਿਮਰਨਪ੍ਰੀਤ ਨੇ ਇਸੇ ਵਰ੍ਹੇ ਲੀਮਾ ਵਿੱਚ ਹੋਏ ਵਿਸ਼ਵ ਕੱਪ ’ਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਸੀ।
