ਨਿਸ਼ਾਨੇਬਾਜ਼ੀ: ਈਸ਼ਾ ਨੇ ਮਹਿਲਾ ਏਅਰ ਪਿਸਟਲ ’ਚ ਸੋਨ ਤਗ਼ਮਾ ਜਿੱਤਿਆ
ਓਲੰਪੀਅਨ ਅਤੇ ਮੌਜੂਦਾ ਮਿਕਸਡ ਟੀਮ ਪਿਸਟਲ ਵਿਸ਼ਵ ਚੈਂਪੀਅਨ ਈਸ਼ਾ ਸਿੰਘ ਨੇ ਅੱਜ ਇੱਥੇ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਰਾਈਫਲ/ਪਿਸਟਲ ਵਿੱਚ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦੇ ਤਗ਼ਮਿਆਂ ਦੇ ਸੋਕੇ ਨੂੰ ਖਤਮ ਕੀਤਾ ਹੈ। 20 ਸਾਲਾ ਈਸ਼ਾ ਨੇ ਨਿੰਗਬੋ ਓਲੰਪਿਕ ਸਪੋਰਟਸ ਸੈਂਟਰ ਵਿੱਚ ਰੋਮਾਂਚਕ ਫਾਈਨਲ ’ਚ ਸਥਾਨਕ ਖਿਡਾਰਨ ਯਾਓ ਕਿਆਨਕਸੁਨ ਨੂੰ 0.1 ਅੰਕਾਂ ਨਾਲ ਹਰਾਇਆ। ਦੱਖਣੀ ਕੋਰੀਆ ਦੀ ਮੌਜੂਦਾ ਓਲੰਪਿਕ ਚੈਂਪੀਅਨ ਓਹ ਯੇਜਿਨ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਇਸ ਈਵੈਂਟ ਵਿੱਚ ਈਸ਼ਾ ਦਾ ਪਹਿਲਾ ਵਿਸ਼ਵ ਕੱਪ ਸੋਨ ਤਗ਼ਮਾ ਹੈ ਅਤੇ ਇਸ ਨੇ ਭਾਰਤ ਨੂੰ ਤਗ਼ਮਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਚਾਰ ਹੋਰ ਦੇਸ਼ ਇੱਕ ਸੋਨ ਤਗ਼ਮੇ ਨਾਲ ਪੰਜਵੇਂ ਸਥਾਨ ’ਤੇ ਭਾਰਤ ਦੇ ਨਾਲ ਬਰਾਬਰ ਹਨ। ਮੇਜ਼ਬਾਨ ਚੀਨ ਦੋ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੇ ਦੇ ਤਗ਼ਮੇ ਨਾਲ ਸਿਖਰ ’ਤੇ ਹੈ।
ਸੋਨ ਤਗ਼ਮਾ ਜਿੱਤਣ ਤੋਂ ਬਾਅਦ ਈਸ਼ਾ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ। ਇਸ ਸਾਲ ਅਗਲਾ ਸਭ ਤੋਂ ਵੱਡਾ ਮੁਕਾਬਲਾ ਵਿਸ਼ਵ ਚੈਂਪੀਅਨਸ਼ਿਪ ਹੈ। ਅਸੀਂ ਇਸ ਲਈ ਸਖ਼ਤ ਅਭਿਆਸ ਕਰ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਉਥੇ ਚੰਗਾ ਪ੍ਰਦਰਸ਼ਨ ਕਰਾਂਗੇ।’ ਹੋਰ ਨਤੀਜਿਆਂ ਵਿੱਚ ਭਾਵੇਸ਼ ਸ਼ੇਖਾਵਤ ਪੁਰਸ਼ਾਂ ਦੀ 25 ਮੀਟਰ ਰੈਪਿਡ-ਫਾਇਰ ਪਿਸਟਲ ਵਿੱਚ 22ਵੇਂ, ਪ੍ਰਦੀਪ ਸਿੰਘ ਸ਼ੇਖਾਵਤ 23ਵੇਂ ਅਤੇ ਮਨਦੀਪ ਸਿੰਘ 39ਵੇਂ ਸਥਾਨ ’ਤੇ ਰਿਹਾ।