ਨਿਸ਼ਾਨੇਬਾਜ਼ੀ: ਏਲਾਵੇਨਿਲ ਦਾ ‘ਸੋਨੇ’ ’ਤੇ ਨਿਸ਼ਾਨਾ
ਭਾਰਤੀ ਨਿਸ਼ਾਨੇਬਾਜ਼ ਏਲਾਵੇਨਿਲ ਵਲਾਰੀਵਾਨ ਨੇ ਅੱਜ ਇੱਥੇ 16ਵੀਂ ਏਸ਼ੀਅਨ ਚੈਂਪੀਅਨਸ਼ਿਪ ਦੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦੀ ਤਗ਼ਮਾ ਸੂਚੀ ਵਿੱਚ ਇੱਕ ਹੋਰ ਤਗ਼ਮਾ ਜੋੜ ਦਿੱਤਾ ਹੈ। ਤਾਮਿਲਨਾਡੂ ਦੀ ਇਸ 26 ਸਾਲਾ ਖਿਡਾਰਨ ਨੇ 253.6 ਦੇ ਸਕੋਰ ਨਾਲ ਫਾਈਨਲ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਉਹ ਵਿਸ਼ਵ ਕੱਪ ਵਿੱਚ ਕਈ ਸੋਨ ਤਗ਼ਮੇ ਜਿੱਤ ਚੁੱਕੀ ਹੈ। ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇਹ ਉਸ ਦਾ ਦੂਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਤਾਇਵਾਨ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਚੀਨ ਦੀ ਸ਼ਿਨਲੂ ਪੇਂਗ ਨੇ 253 ਅੰਕਾਂ ਨਾਲ ਚਾਂਦੀ ਦਾ ਤਗ਼ਮਾ, ਜਦਕਿ ਕੋਰੀਆ ਦੀ ਯੂੰਜੀ ਕਵੋਨ (231.2) ਨੇ ਕਾਂਸੇ ਦਾ ਤਗ਼ਮਾ ਜਿੱਤਿਆ।
ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਭਾਰਤੀ ਖਿਡਾਰਨ ਮੇਹੁਲੀ ਘੋਸ਼ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 208.9 ਅੰਕਾਂ ਨਾਲ ਚੌਥੇ ਸਥਾਨ ’ਤੇ ਰਹੀ। ਵਲਾਰੀਵਾਨ ਨੇ 630.7 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤੀ ਸੀ।
ਉਧਰ ਭਾਰਤ ਦੇ ਜੂਨੀਅਰ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਰੱਖਿਆ। ਅੱਜ ਸ਼ੰਭਵੀ ਸ਼ਰਵਣ, ਹਿਰਦੈ ਸ੍ਰੀ ਕੋਂਡੂਰ ਅਤੇ ਈਸ਼ਾ ਅਨਿਲ ਦੀ ਤਿਕੜੀ ਨੇ 1896.2 ਦੇ ਸਕੋਰ ਨਾਲ ਮਹਿਲਾ ਜੂਨੀਅਰ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ, ਜੋ ਕਿ ਜੂਨੀਅਰ ਵਿਸ਼ਵ ਅਤੇ ਏਸ਼ਿਆਈ ਰਿਕਾਰਡ ਹੈ। ਚੀਨ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ।