ਨਿਸ਼ਾਨੇਬਾਜ਼ੀ: ਅਰਜੁਨ ਤੇ ਏਲਾਵੇਨਿਲ ਨੇ ਸੋਨ ਤਗ਼ਮਾ ਜਿੱਤਿਆ
ਅਰਜੁਨ ਬਬੂਟਾ ਅਤੇ ਏਲਾਵੇਨਿਲ ਵਲਾਰੀਵਾਨ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਚੱਲ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਜੋੜੀ ਨੇ ਚੀਨ ਦੇ ਡਿੰਗਕੇ ਲੂ ਅਤੇ ਸ਼ਿਨਲੂ ਪੇਂਗ ਨੂੰ 17-11 ਨਾਲ ਹਰਾਇਆ। ਚੀਨੀ ਜੋੜੀ ਸ਼ੁਰੂਆਤੀ ਗੇੜ ਵਿੱਚ ਅੱਗੇ ਸੀ ਪਰ ਭਾਰਤੀ ਜੋੜੀ ਨੇ 9-5 ਅਤੇ 10-1 ਦੇ ਸਕੋਰ ਤੋਂ ਸ਼ਾਨਦਾਰ ਵਾਪਸੀ ਕਰਦਿਆਂ ਸੋਨ ਤਗ਼ਮਾ ਜਿੱਤਿਆ। ਪੰਜਾਬ ਦਾ ਬਬੂਟਾ ਤੇ ਤਾਮਿਲਨਾਡੂ ਦੀ ਏਲਾਵੇਨਿਲ ਇਸ ਤੋਂ ਪਹਿਲਾਂ ਵੀ ਹੋਰ ਵਰਗਾਂ ਵਿੱਚ ਸੋਨ ਤਗ਼ਮੇ ਜਿੱਤ ਚੁੱਕੇ ਹਨ, ਇਸ ਤਰ੍ਹਾਂ ਇਸ ਚੈਂਪੀਅਨਸ਼ਿਪ ਵਿੱਚ ਦੋਵਾਂ ਦੇ ਨਾਮ ਦੋ-ਦੋ ਸੋਨ ਤਗ਼ਮੇ ਹਨ। ਇਸ ਤੋਂ ਪਹਿਲਾਂ ਏਲਾਵੇਨਿਲ ਨੇ ਮਹਿਲਾ 10 ਮੀਟਰ ਏਅਰ ਰਾਈਫਲ ’ਚ, ਜਦਕਿ ਬਬੂਟਾ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਰੁਦਰਾਂਕਸ਼ ਪਾਟਿਲ ਅਤੇ ਕਿਰਨ ਜਾਧਵ ਨਾਲ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਦੀ ਸ਼ੰਭਵੀ ਸ਼ਰਵਣ ਅਤੇ ਨਾਰਾਇਣ ਪ੍ਰਣਵ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਜੂਨੀਅਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਭਾਰਤੀ ਜੋੜੀ ਨੇ ਚੀਨ ਨੂੰ 16-12 ਨਾਲ ਹਰਾਇਆ। ਭਾਰਤੀ ਟੀਮ ਕੁਆਲੀਫਿਕੇਸ਼ਨ ਵਿੱਚ ਦੋ ਚੀਨੀ ਟੀਮਾਂ ਤੋਂ ਪਿੱਛੇ ਸੀ ਪਰ ਇੱਕ ਦੇਸ਼ ’ਚੋਂ ਸਿਰਫ਼ ਇੱਕ ਟੀਮ ਹੀ ਹਿੱਸਾ ਲੈ ਸਕਦੀ ਹੈ, ਇਸ ਲਈ ਚੀਨ ਦੇ ਤਾਂਗ ਹੁਈਕੀ ਅਤੇ ਹਾਨ ਯਿਨਾਨ ਕੁਆਲੀਫਿਕੇਸ਼ਨ ਵਿੱਚ ਸਿਖਰ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚੇ। ਭਾਰਤੀ ਟੀਮ ਨੇ 629.5 ਦਾ ਸਕੋਰ ਕੀਤਾ, ਜਦਕਿ ਚੀਨ-2 ਦਾ ਸਕੋਰ 632.5 ਅਤੇ ਚੀਨ-1 ਦਾ 630 ਸੀ। ਸ਼ੰਭਵੀ ਨੇ 105.4, 105.2 ਅਤੇ 104.4, ਜਦਕਿ ਪ੍ਰਣਵ ਨੇ 103.7, 105.7 ਅਤੇ 105.1 ਸਕੋਰ ਕੀਤਾ।