ਨਿਸ਼ਾਨੇਬਾਜ਼ ਗੁਰਪ੍ਰੀਤ ਨੇ ਚਾਂਦੀ ਦਾ ਤਗ਼ਮਾ ਫੁੰਡਿਆ
ਓਲੰਪੀਅਨ ਗੁਰਪ੍ਰੀਤ ਸਿੰਘ ਨੇ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ 25 ਮੀਟਰ ਸੈਂਟਰ ਫਾਇਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਵਿਸ਼ਵ ਚੈਂਪੀਅਨ ਬਣਨ ਦੇ ਬਹੁਤ ਨੇੜੇ ਸੀ, ਪਰ ਇੱਥੇ ਓਲੰਪਿਕ ਨਿਸ਼ਾਨੇਬਾਜ਼ੀ ਰੇਂਜ ਵਿੱਚ ਯੂਕਰੇਨ ਦੇ ਪਾਵਲੋ ਕੋਰੋਸਟਾਈਲੋਵ ਤੋਂ ਤਕਨੀਕੀ ਅਧਾਰ ’ਤੇ ਹਾਰ ਗਿਆ। ਗੁਰਪ੍ਰੀਤ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਦੂਸਰਾ ਵਿਅਕਤੀਗਤ ਤਗ਼ਮਾ ਹੈ। ਉਸ ਨੇ ਇਸ ਤੋਂ ਪਹਿਲਾਂ 2018 ਵਿੱਚ ਚਾਂਗਵੋਨ ਵਿੱਚ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਤਿੰਨ ਸੋਨੇ, ਛੇ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 13 ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਚੀਨ 12 ਸੋਨੇ, ਸੱਤ ਚਾਂਦੀ ਤੇ ਦੋ ਕਾਂਸੀ ਸਮੇਤ ਕੁੱਲ 21 ਤਗ਼ਮਿਆਂ ਨਾਲ ਪਹਿਲੇ ਅਤੇ ਦੱਖਣੀ ਕੋਰੀਆ ਸੱਤ ਸੋਨੇ, ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਭਾਰਤ ਲਈ ਸਮਰਾਟ ਰਾਣਾ (10 ਮੀਟਰ ਏਅਰ ਪਿਸਟਲ) ਤੇ ਰਵਿੰਦਰ ਸਿੰਘ (50 ਮੀਟਰ ਸਟੈਂਡਰਡ ਪਿਸਟਲ ਤੇ 10 ਮੀਟਰ ਏਅਰ ਪਿਸਟਲ ਟੀਮ) ਨੇ ਸੋਨ ਤਗ਼ਮੇ ਜਿੱਤੇ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (50 ਮੀਟਰ ਰਾਈਫਲ 3 ਪੁਜ਼ੀਸ਼ਨ ਪੁਰਸ਼), ਅਨੀਸ਼ ਭਾਨਵਾਲਾ (25 ਮੀਟਰ ਰੈਪਿਡ ਫਾਇਰ ਪਿਸਟਲ), ਗੁਰਪ੍ਰੀਤ ਸਿੰਘ (25 ਮੀਟਰ ਸੈਂਟਰ ਫਾਇਰ ਪਿਸਟਲ), ਈਸ਼ਾ ਸਿੰਘ ਅਤੇ ਸਮਰਾਟ ਰਾਣਾ (10 ਮੀਟਰ ਏਅਰ ਪਿਸਟਲ ਮਿਕਸਡ ਟੀਮ, 10 ਮੀਟਰ ਮਹਿਲਾ ਏਅਰ ਪਿਸਟਲ ਟੀਮ ਤੇ 50 ਮੀਟਰ ਪੁਰਸ਼ ਸਟੈਂਡਰਡ ਪਿਸਟਲ ਟੀਮ) ਨੇ ਚਾਂਦੀ ਦੇ ਤਗ਼ਮੇ ਜਿੱਤੇ। ਈਸ਼ਾ, ਇਲਾਵੈਨਿਲ ਵਲਾਰੀਵਨ, ਵਰੁਣ ਤੋਮਰ ਦੀ ਟੀਮ ਨੇ ਭਾਰਤ ਲਈ ਕਾਂਸੀ ਦੇ ਤਗ਼ਮੇ ਜਿੱਤੇ।
