ਐੱਸ ਜੀ ਪਾਈਪਰਜ਼ ਨੇ ਜਰਮਨਪ੍ਰੀਤ ਤੇ ਨਵਨੀਤ ਨੂੰ ਸੌਂਪੀ ਕਮਾਨ
ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਦੀ ਫਰੈਂਚਾਇਜ਼ੀ ਐੱਸ ਜੀ ਪਾਈਪਰਜ਼ ਨੇ ਆਗਾਮੀ ਸੀਜ਼ਨ ਲਈ ਆਪਣੀਆਂ ਪੁਰਸ਼ ਅਤੇ ਮਹਿਲਾ ਦੋਹਾਂ ਟੀਮਾਂ ਦੇ ਕਪਤਾਨਾਂ ਦਾ ਐਲਾਨ ਕਰ ਦਿੱਤਾ ਹੈ। ਟੀਮ ਪ੍ਰਬੰਧਕਾਂ ਨੇ ਡਿਫੈਂਡਰ ਜਰਮਨਪ੍ਰੀਤ ਸਿੰਘ ਨੂੰ ਪੁਰਸ਼ ਟੀਮ ਅਤੇ ਫਾਰਵਰਡ ਨਵਨੀਤ ਕੌਰ ਨੂੰ ਮਹਿਲਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਦਾ ਮਿਡਫੀਲਡਰ ਕਾਏ ਵਿਲੋਟ ਪੁਰਸ਼ ਟੀਮ ਦਾ ਉਪ ਕਪਤਾਨ ਹੋਵੇਗਾ। ਮਹਿਲਾ ਟੀਮ ਵਿੱਚ ਵੀ ਆਸਟਰੇਲੀਆ ਦੀ ਹੀ ਕੈਟਲਿਨ ਨੋਬਸ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਪਿਛਲੇ ਸੀਜ਼ਨ ਦੌਰਾਨ ਜਰਮਨਪ੍ਰੀਤ ਐੱਸ ਜੀ ਪਾਈਪਰਜ਼ ਦੇ ਬਿਹਤਰੀਨ ਖਿਡਾਰੀਆਂ ’ਚੋਂ ਇੱਕ ਵਜੋਂ ਉਭਰਿਆ ਸੀ। ਭਾਰਤ ਦੀ ਏਸ਼ੀਆ ਕੱਪ 2025 ਜਿੱਤ ਵਿੱਚ ਸ਼ਾਨਦਾਰ ਯੋਗਦਾਨ ਨੇ ਉਸ ਦੀ ਅਗਵਾਈ ਕਰਨ ਦੀ ਸਮਰੱਥਾ ਨੂੰ ਸਾਬਤ ਕੀਤਾ ਹੈ। ਦੂਜੇ ਪਾਸੇ, ਵਿਲੋਟ ਨੇ ਪਿਛਲੇ ਸੀਜ਼ਨ ਵਿੱਚ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ ਸੀ। ਉਹ ਐਤਵਾਰ ਨੂੰ ਹਾਕੀ ਕਲੱਬ ਮੈਲਬਰਨ ਦੀ ‘ਹਾਕੀ ਵਨ’ ਖਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾ ਕੇ ਲੀਗ ਵਿੱਚ ਪਰਤ ਰਿਹਾ ਹੈ।
ਮਹਿਲਾ ਵਰਗ ’ਚ ਨਵਨੀਤ ਕੌਰ ਇੱਕ ਵਾਰ ਫਿਰ ਕਪਤਾਨ ਵਜੋਂ ਵਾਪਸੀ ਕਰ ਰਹੀ ਹੈ। ਉਸ ਨੇ ਪਿਛਲੇ ਸਮੇਂ ਦੌਰਾਨ ਭਾਰਤੀ ਟੀਮ ਲਈ ਫ਼ੈਸਲਾਕੁਨ ਗੋਲ ਕਰ ਕੇ ਨਾਮਣਾ ਖੱਟਿਆ ਹੈ। ਕੈਟਲਿਨ ਉਸ ਦਾ ਸਾਥ ਦੇਵੇਗੀ, ਜਿਸ ਦਾ ਕੌਮਾਂਤਰੀ ਪੱਧਰ ’ਤੇ ਤਜਰਬਾ ਅਤੇ ਰੱਖਿਆਤਮਕ ਸੂਝ ਟੀਮ ਨੂੰ ਸੰਤੁਲਨ ਦੇਵੇਗੀ।
