ਦੂਜਾ ਟੈਸਟ: ਚੌਥੇ ਦਿਨ ਟੀ ਬ੍ਰੇਕ ਮੌਕੇ ਦੱਖਣੀ ਅਫਰੀਕਾ 107/3; 395 ਦੌੜਾਂ ਦੀ ਲੀਡ ਲਈ
India vs South Africa ਦੱਖਣੀ ਅਫਰੀਕਾ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਟੀ ਬ੍ਰੇਕ ਤੱਕ ਦੇ ਪਹਿਲੇ ਸੈਸ਼ਨ ਵਿਚ ਆਪਣੀ ਦੂਜੀ ਪਾਰੀ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 107 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਦੇ ਅਧਾਰ ’ਤੇ ਮਹਿਮਾਨ ਟੀਮ ਨੇ ਹੁਣ ਤੱਕ 395 ਦੌੜਾਂ ਦੀ ਲੀਡ ਲੈ ਲਈ ਹੈ। ਚੌਥੇ ਦਿਨ ਦੇ ਪਹਿਲੇ ਸੈਸ਼ਨ ਵਿਚ ਰਵਿੰਦਰ ਜਡੇਜਾ ਨੇ 12 ਓਵਰਾਂ ਵਿਚ 20 ਦੌੜਾਂ ਬਦਲੇ ਦੋ ਵਿਕਟ ਲਏ। ਜਡੇਜਾ ਨੇ ਰਿਆਨ ਰਿਕਲਟਨ (35) ਤੇ ਏਡਨ ਮਾਰਕਰਾਮ (29) ਨੂੰ ਆਊਟ ਕੀਤਾ। ਦੋਵਾਂ ਨੇ ਪਹਿਲੇ ਵਿਕਟ ਲਈ 59 ਦੌੜਾਂ ਦੀ ਭਾਈਵਾਲੀ ਕੀਤੀ।
ਦਿਨ ਦੀ ਤੀਜੀ ਵਿਕਟ ਵਾਸ਼ਿੰਗਟਨ ਸੁੰਦਰ ਦੇ ਹਿੱਸੇ ਆਈ ਜਿਸ ਨੇ ਕਪਤਾਨ ਤੇਂਬਾ ਬਾਵੁਮਾ(3) ਨੂੰ ਆਊਟ ਕੀਤਾ। ਚਾਹ ਦੀ ਬ੍ਰੇਕ ਮੌਕੇ ਟੀ ਸਟਬਸ ਤੇ ਟੋਨੀ ਡੀ ਜ਼ੋਰਜ਼ੀ ਕ੍ਰਮਵਾਰ 14 ਤੇ 21 ਦੌੜਾਂ ਨਾਲ ਨਾਬਾਦ ਸਨ। ਮਹਿਮਾਨ ਟੀਮ ਨੇ ਚੌਥੇ ਦਿਨ ਸ਼ੁਰੂਆਤ 26/0 ਨਾਲ ਕੀਤੀ ਸੀ। ਭਾਰਤ ਦੀ ਟੀਮ ਸੋਮਵਾਰ ਨੂੰ ਦੱਖਣੀ ਅਫ਼ਰੀਕਾ ਵੱਲੋਂ ਪਹਿਲੀ ਪਾਰੀ ਵਿਚ ਬਣਾਈਆਂ 489 ਦੌੜਾਂ ਦੇ ਜਵਾਬ ਵਿਚ 201 ਉੱਤੇ ਆਲ ਆਊਟ ਹੋ ਗਈ ਸੀ। ਸੰਖੇਪ ਸਕੋਰ: ਦੱਖਣੀ ਅਫਰੀਕਾ: 489, 107/3(ਰਿਆਨ ਰਿਕਲਟਨ 35, ਏਡਨ ਮਾਰਕਰਾਮ 29; ਰਵਿੰਦਰਜ ਜਡੇਜਾ 20/1); ਭਾਰਤ 201
