ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਮੁੱਲਾਂਪੁਰ ’ਚ ਅੱਜ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਦੂਜਾ ਟੀ-20 ਮੁਕਾਬਲਾ ਵੀਰਵਾਰ ਨੂੰ ਇੱਥੋਂ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਆਪਣੀ ਲੀਡ ਦੁੱਗਣੀ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਹ ਮੈਦਾਨ ਆਪਣੇ ਪਹਿਲੇ ਕੌਮਾਂਤਰੀ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ। ਇਸ ਮੌਕੇ ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਬਣੇ ਸਟੈਂਡਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਮੈਚ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਤਿੰਨ ਹਜ਼ਾਰ ਤੋਂ ਵੱਧ ਕਰਮਚਾਰੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤੇ ਗਏ ਹਨ। ਸਬੰਧਿਤ ਖੇਤਰ ਨੂੰ ਨੋ ਫ਼ਲਾਇੰਗ ਜ਼ੋਨ ਖੇਤਰ ਐਲਾਨ ਦਿੱਤਾ ਗਿਆ ਹੈ। ਮੈਚ ਲਈ ਦਰਸ਼ਕਾਂ ਉਤਸ਼ਾਹ ਹੈ ਅਤੇ ਮੈਚ ਦੀਆਂ ਸਾਰੀਆਂ ਟਿਕਟ ਵਿਕ ਚੁੱਕੀਆਂ ਹਨ।
ਭਾਰਤ ਦੀ ਟੀਮ ਭਾਵੇਂ ਟੀਮ ਜਿੱਤ ਰਹੀ ਹੈ, ਪਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਲੈਅ ਚਿੰਤਾ ਦਾ ਵਿਸ਼ਾ ਹੈ। ਏਸ਼ੀਆ ਕੱਪ ਤੋਂ ਵਾਪਸੀ ਮਗਰੋਂ ਗਿੱਲ ਟੀ-20 ਫਾਰਮੈਟ ਵਿੱਚ ਆਪਣੀ ਛਾਪ ਛੱਡਣ ਲਈ ਜੂਝ ਰਿਹਾ ਹੈ। ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨ ਸੂਰਿਆਕੁਮਾਰ ਲਈ ਵੀ ਬੱਲੇ ਨਾਲ ਦੌੜਾਂ ਬਣਾਉਣਾ ਬਹੁਤ ਜ਼ਰੂਰੀ ਹੈ।
ਟੀਮ ਮੈਨੇਜਮੈਂਟ ਵਿਕਟਕੀਪਰ ਵਜੋਂ ਸੰਜੂ ਸੈਮਸਨ ਦੀ ਬਜਾਏ ਜਿਤੇਸ਼ ਸ਼ਰਮਾ ’ਤੇ ਭਰੋਸਾ ਜਤਾ ਰਹੀ ਹੈ। ਇਸ ਤੋਂ ਇਲਾਵਾ ਬੱਲੇਬਾਜ਼ੀ ਵਿੱਚ ਡੂੰਘਾਈ ਲਿਆਉਣ ਲਈ ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ’ਚੋਂ ਕਿਸੇ ਇੱਕ ਨੂੰ ਹੀ ਟੀਮ ਵਿੱਚ ਵਿੱਚ ਜਗ੍ਹਾ ਮਿਲ ਰਹੀ ਹੈ। ਪਹਿਲੇ ਮੈਚ ਵਿੱਚ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ, ਇਸ ਲਈ ਜੇਤੂ ਟੀਮ ਵਿੱਚ ਤਬਦੀਲੀ ਦੀ ਸੰਭਾਵਨਾ ਘੱਟ ਹੈ। ਹਾਰਦਿਕ ਪਾਂਡਿਆ ਦੀ ਵਾਪਸੀ ਨੇ ਟੀਮ ਦਾ ਸੰਤੁਲਨ ਬਿਹਤਰ ਕੀਤਾ ਹੈ। ਦੂਜੇ ਪਾਸੇ ਪਹਿਲੇ ਮੈਚ ਵਿੱਚ ਮਹਿਜ਼ 74 ਦੌੜਾਂ ’ਤੇ ਢੇਰ ਹੋਣ ਵਾਲੀ ਦੱਖਣੀ ਅਫਰੀਕਾ ਲਈ ਵਾਪਸੀ ਕਰਨਾ ਸੌਖਾ ਨਹੀਂ ਹੋਵੇਗਾ।
