India VS Australia: ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ
ਭਾਰਤ ਦੇ ਆਸਟ੍ਰੇਲੀਆ ਦੌਰੇ ’ਤੇ ਅੱਜ ਐਡੀਲੇਡ ਓਵਲ ਵਿੱਚ ਖੇਡੇ ਗਏ ਦੂਜੇ ਇੱਕ ਰੋਜ਼ਾ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਆਸਟ੍ਰੇਲੀਆ ਨੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ।
ਮੈਚ ਦੀ ਸ਼ੁਰੂਆਤ ਵਿੱਚ ਆਸਟਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਨ ਮੌਕੇ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 264 ਦੌੜਾਂ ਬਣਾਈਆਂ। ਭਾਰਤ ਲਈ ਰੋਹਿਤ ਸ਼ਰਮਾ ਨੇ 97 ਗੇਂਦਾਂ ’ਤੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 73 ਦੌੜਾਂ ਦੀ ਪਾਰੀ ਖੇਡੀ। ਉਹ ਮਿਚਲ ਸਟਾਰਕ ਦੀ ਗੇਂਦ 'ਤੇ ਹੇਜ਼ਲਵੁੱਡ ਹੱਥੋਂ ਕੈਚ ਆਊਟ ਹੋਏ।
ਰੋਹਿਤ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 77 ਗੇਂਦਾਂ ’ਤੇ 61 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ।
ਇਸ ਉਪਰੰਤ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਸ਼ੁਰੂਆਤ ਭਾਵੇਂ ਹੌਲੀ ਰਹੀ, ਪਰ ਮਹੱਤਵਪੂਰਨ ਸਾਂਝੇਦਾਰੀਆਂ ਨੇ ਉਨ੍ਹਾਂ ਨੂੰ ਜਿੱਤ ਵੱਲ ਵਧਾਇਆ। ਆਸਟਰੇਲੀਆ ਨੇ 46.2 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ।
ਆਸਟ੍ਰੇਲੀਆ ਲਈ ਮੈਥਿਊ ਸ਼ਾਰਟ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ। ਉਨ੍ਹਾਂ ਨੇ 78 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕੇ ਤੇ 2 ਛੱਕੇ ਜੜੇ। ਮੈਥਿਊ ਸ਼ਾਰਟ ਦਾ ਸਾਥ ਦਿੰਦੇ ਹੋਏ ਕੂਪਰ ਕੌਨੌਲੀ ਨੇ ਮੈਚ ਜੇਤੂ ਪ੍ਰਦਰਸ਼ਨ ਕੀਤਾ ਅਤੇ 53 ਗੇਂਦਾਂ ’ਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਨਾਬਾਦ 61 ਦੌੜਾਂ ਬਣਾਈਆਂ।
ਉਧਰ ਭਾਰਤੀ ਗੇਂਦਬਾਜ਼ਾਂ ਨੇ ਮੈਚ ਨੂੰ ਆਖਰੀ ਓਵਰਾਂ ਤੱਕ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ। ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਅਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਸ ਜਿੱਤ ਦੇ ਨਾਲ ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਲਗਾਤਾਰ ਦੋ ਮੈਚਾਂ ਵਿੱਚ ਜਿੱਤ ਹਾਸਲ ਕਰ ਲਈ ਹੈ।
