ਸਕੂਲ ਖੇਡਾਂ: ਬਾਸਕਟਬਾਲ ’ਚ ਲੁਧਿਆਣਾ ਦੇ ਮੁੰਡੇ ਜੇਤੂ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਵਿੱਚ 14 ਸਾਲ ਉਮਰ ਵਰਗ ਦੇ ਮੁੰਡਿਆਂ ਦੇ ਬਾਸਕਟਬਾਲ ਦੇ ਮੁਕਾਬਲਿਆਂ ਦੇ ਫਾਈਨਲ ਵਿੱਚ ਲੁਧਿਆਣਾ ਦੀ ਟੀਮ ਜੇਤੂ ਰਹੀ। ਇਸ ਦੇ ਨਾਲ ਅੱਜ ਕੁੜੀਆਂ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ।
ਅੱਜ ਹੋਏ ਮੁੰਡਿਆਂ ਦੇ ਫਾਈਨਲ ਵਿੱਚ ਲੁਧਿਆਣਾ ਦਾ ਮੁਕਾਬਲਾ ਪਟਿਆਲਾ ਦੀ ਟੀਮ ਨਾਲ ਹੋਇਆ। ਫਸਵੇਂ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ 66-59 ਦੇ ਫ਼ਰਕ ਨਾਲ ਪਟਿਆਲਾ ਦੀ ਟੀਮ ਨੂੰ ਹਰਾਇਆ। ਤੀਜੇ ਤੇ ਚੌਥੇ ਸਥਾਨ ਲਈ ਪਟਿਆਲਾ ਤੇ ਰੂਪਨਗਰ ਦੀਆਂ ਟੀਮਾਂ ਭਿੜੀਆਂ, ਜਿਸ ਵਿੱਚ ਪਟਿਆਲਾ ਦੀ ਟੀਮ ਨੇ 69-49 ਦੇ ਫ਼ਰਕ ਨਾਲ ਰੂਪਨਗਰ ਦੀ ਟੀਮ ਨੂੰ ਹਰਾਇਆ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਜੇਤੂ ਟੀਮ ਨੂੰ ਇਨਾਮ ਵੰਡੇ।
ਕੁੜੀਆਂ ਦੇ 14 ਸਾਲ ਵਰਗ ਦੇ ਬਾਸਕਟਬਾਲ ਮੁਕਾਬਲੇ ਅੱਜ ਸ਼ੁਰੂ ਹੋਏ। ਇਸ ਵਿੱਚ ਮੁਹਾਲੀ ਦੀ ਟੀਮ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ, ਸੰਗਰੂਰ ਨੇ ਫਿਰੋਜ਼ਪੁਰ ਨੂੰ, ਜਲੰਧਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ, ਪਠਾਨਕੋਟ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ, ਰੂਪਨਗਰ ਨੇ ਫਾਜ਼ਿਲਕਾ ਨੂੰ, ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਗੁਰਦਾਸਪੁਰ ਨੇ ਫਰੀਦਕੋਟ ਨੂੰ, ਪਟਿਆਲਾ ਨੇ ਬਰਨਾਲਾ ਨੂੰ, ਮੋਗਾ ਨੇ ਮਲੇਰਕੋਟਲਾ ਨੂੰ ਤੇ ਮਾਨਸਾ ਨੇ ਪਠਾਨਕੋਟ ਦੀ ਟੀਮ ਨੂੰ ਹਰਾਇਆ।
 
 
             
            