ਸਬਾਲੇਂਕਾ ਲਗਾਤਾਰ ਦੂਜੀ ਵਾਰ ਯੂ ਐੱਸ ਓਪਨ ਚੈਂਪੀਅਨ ਬਣੀ
ਦੁਨੀਆ ਦੀ ਨੰਬਰ ਇੱਕ ਟੈਨਿਸ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਲਗਾਤਾਰ ਦੂਜੀ ਵਾਰ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ ਹੈ। ਉਸ ਨੇ 6-3, 7-6 (3) ਨਾਲ ਜਿੱਤ ਦਰਜ ਕਰ ਕੇ ਆਪਣੇ ਕਰੀਅਰ ਦਾ ਚੌਥਾ ਗਰੈਂਡਸਲੈਮ ਖਿਤਾਬ ਜਿੱਤਿਆ। ਇਸ ਤਰ੍ਹਾਂ ਉਹ ਇਸ ਸਾਲ ਆਸਟਰੇਲੀਅਨ ਓਪਨ ਅਤੇ ਫਰੈਂਚ ਓਪਨ ਦੇ ਫਾਈਨਲ ਵਿੱਚ ਅਮਰੀਕੀ ਖਿਡਾਰਨਾਂ ਤੋਂ ਹਾਰਨ ਦੇ ਦਰਦ ਤੋਂ ਵੀ ਉੱਭਰ ਆਈ ਹੈ।
ਸਬਾਲੇਂਕਾ ਪਿਛਲੇ 11 ਸਾਲਾਂ ਵਿੱਚ ਯੂ ਐੱਸ ਓਪਨ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਉਸ ਤੋਂ ਪਹਿਲਾਂ ਸੈਰੇਨਾ ਵਿਲੀਅਮਜ਼ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਉਹ 2012 ਤੋਂ 2014 ਤੱਕ ਲਗਾਤਾਰ ਤਿੰਨ ਵਾਰ ਚੈਂਪੀਅਨ ਬਣੀ ਸੀ।
ਅਮਾਂਡਾ ਨੂੰ ਲਗਾਤਾਰ ਦੂਜੇ ਗਰੈਂਡ ਸਲੈਮ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਜੁਲਾਈ ਵਿੱਚ ਵਿੰਬਲਡਨ ਦੇ ਫਾਈਨਲ ਵਿੱਚ ਇਗਾ ਸਵਿਆਤੇਕ ਤੋਂ ਹਾਰ ਗਈ ਸੀ। ਉਹ ਉਸ ਮੈਚ ਵਿੱਚ ਇੱਕ ਵੀ ਗੇਮ ਨਹੀਂ ਜਿੱਤ ਸਕੀ। ਇਸ ਮੈਚ ਵਿੱਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਮੌਕਿਆਂ ਦਾ ਫਾਇਦਾ ਨਹੀਂ ਉਠਾਇਆ। ਇਸ 24 ਸਾਲਾ ਅਮਰੀਕੀ ਖਿਡਾਰਨ ਨੇ ਸਬਾਲੇਂਕਾ ਦੀ ਸ਼ਲਾਘਾ ਕਰਦਿਆਂ ਕਿਹਾ, ‘ਮੈਂ ਸੱਚਮੁੱਚ ਉਸ ਦੀ ਸ਼ਲਾਘਾ ਕਰਦੀ ਹਾਂ। ਉਹ ਸਖ਼ਤ ਮਿਹਨਤ ਕਰਦੀ ਹੈ ਅਤੇ ਇਸੇ ਲਈ ਉਹ ਅੱਜ ਇਸ ਮੁਕਾਮ ’ਤੇ ਹੈ। ਮੈਨੂੰ ਵੀ ਮੌਕੇ ਮਿਲੇ ਪਰ ਮੈਂ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕੀ।’
ਬੇਲਾਰੂਸ ਦੀ 27 ਸਾਲਾ ਸਬਾਲੇਂਕਾ ਮੈਲਬਰਨ ਪਾਰਕ ਵਿੱਚ ਮੈਡੀਸਨ ਕੀਜ਼ ਤੋਂ ਅਤੇ ਰੋਲਾਂ-ਗੈਰੋਸ ਵਿੱਚ ਕੋਕੋ ਗੌਫ ਤੋਂ ਹਾਰ ਗਈ ਸੀ। ਇਨ੍ਹਾਂ ਹਾਰਾਂ ਦੀਆਂ ਤਸਵੀਰਾਂ ਸ਼ਨਿਚਰਵਾਰ ਨੂੰ ਵੀ ਉਸ ਦੇ ਦਿਮਾਗ ਵਿੱਚ ਸਨ। ਮੈਚ ਤੋਂ ਬਾਅਦ ਉਸ ਨੇ ਕਿਹਾ, ‘ਆਸਟਰੇਲੀਅਨ ਓਪਨ ਤੋਂ ਬਾਅਦ ਮੈਂ ਸੋਚਿਆ ਕਿ ਇਸ ਨੂੰ ਭੁੱਲ ਕੇ ਅੱਗੇ ਵਧਣਾ ਸਹੀ ਹੋਵੇਗਾ। ਪਰ ਫਿਰ ਫਰੈਂਚ ਓਪਨ ਵਿੱਚ ਵੀ ਅਜਿਹਾ ਹੀ ਹੋਇਆ। ਮੈਂ ਉਹ ਫਾਈਨਲ ਦੇਖੇ। ਮੈਂ ਇਸ ਹਾਰ ਦੇ ਸਿਲਸਿਲੇ ਨੂੰ ਤੋੜਨ ਲਈ ਦ੍ਰਿੜ੍ਹ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਵਿੱਚ ਸਫਲ ਵੀ ਹੋਈ।’