ਸਬਾਲੇਂਕਾ ਨੇ ਪਾਓਲਿਨੀ ਨੂੰ ਹਰਾਇਆ
ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਡਬਲਿਊ ਟੀ ਏ ਫਾਈਨਲਜ਼ ਦੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠਵਾਂ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨੂੰ 6-3, 6-1 ਨਾਲ ਹਰਾ ਦਿੱਤਾ। ਇਹ ਮੈਚ ਸਬਾਲੇਂਕਾ ਦਾ ਡਬਲਿਊ ਟੀ ਏ ਪੱਧਰ ’ਤੇ 500ਵਾਂ ਮੈਚ ਸੀ, ਜਿਸ ਨੂੰ ਉਸ ਨੇ ਸਿਰਫ਼ 70 ਮਿੰਟਾਂ ਵਿੱਚ ਜਿੱਤ ਕੇ ਯਾਦਗਾਰ ਬਣਾਇਆ। ਸਬਾਲੇਂਕਾ ਨੇ ਆਪਣੀ ਸਰਵਿਸ ਰਾਹੀਂ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। ਉਸ ਨੇ ਮੈਚ ਵਿੱਚ ਕੁੱਲ 10 ਏਸ ਲਗਾਏ ਜਿਨ੍ਹਾਂ ’ਚੋਂ ਚਾਰ ਏਸ ਪਹਿਲੇ ਸੈੱਟ ਦੀ ਆਖਰੀ ਗੇਮ ਵਿੱਚ ਹੀ ਲਗਾ ਦਿੱਤੇ। ਇਸੇ ਤਰ੍ਹਾਂ ਜੈਸਿਕਾ ਪੇਗੁਲਾ ਨੇ ਮੌਜੂਦਾ ਚੈਂਪੀਅਨ ਕੋਕੋ ਗੌਫ ਨੂੰ 6-3, 6-7 (4), 6-2 ਨਾਲ ਹਰਾ ਦਿੱਤਾ। ਗੌਫ ਇੱਕ ਵਾਰ ਫਿਰ ਆਪਣੀ ਸਰਵਿਸ ਨਾਲ ਸੰਘਰਸ਼ ਕਰਦੀ ਨਜ਼ਰ ਆਈ ਅਤੇ ਉਸ ਨੇ 17 ਡਬਲ ਫਾਲਟ ਕੀਤੇ। ਹਾਰ ਮਗਰੋਂ ਗੌਫ ਨੇ ਕਿਹਾ, ‘‘ਅੱਜ ਮੈਂ ਆਪਣੀ ਸਰਵਿਸ ਤੋਂ ਥੋੜ੍ਹੀ ਨਿਰਾਸ਼ ਹਾਂ। ਜੈਸ ਨੇ ਵਧੀਆ ਖੇਡ ਦਿਖਾਈ।’’ ਇਗਾ ਸਵਿਆਤੇਕ ਅਤੇ ਏਲੀਨਾ ਰਿਬਕੀਨਾ ਨੇ ਸ਼ਨਿਚਰਵਾਰ ਨੂੰ ਆਪਣੇ ਸ਼ੁਰੂਆਤੀ ਮੈਚ ਜਿੱਤੇ ਸਨ।
