ICC hearing: ਹੈਰਿਸ ਰਾਊਫ਼ ਨੂੰ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ ਲਾਇਆ
ਟੂਰਨਾਮੈਂਟ ਸੂਤਰਾਂ ਮੁਤਾਬਕ ਪਾਕਿਸਤਾਨੀ ਕ੍ਰਿਕਟਰ Haris Rauf ਨੂੰ ਭਾਰਤ-ਪਾਕਿ ਏਸ਼ੀਆ ਕੱਪ ਮੈਚ ਦੌਰਾਨ ਦੁਰਵਿਵਹਾਰ ਅਤੇ ਹਮਲਾਵਰ ਇਸ਼ਾਰੇ ਲਈ ਉਸ ਦੀ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਟੂਰਨਾਮੈਂਟ ਸੂਤਰਾਂ ਨੇ ਦੱਸਿਆ ਸੀ ਇੱਥੇ ਭਾਰਤ ਖ਼ਿਲਾਫ਼ ਏਸ਼ੀਆ ਕੱਪ ਮੈਚ ਦੌਰਾਨ ਕਥਿਤ ਤੌਰ ’ਤੇ ਵਿਵਾਦਤ ਕਾਰਵਾਈਆਂ ਲਈ ਆਈਸੀਸੀ ਦੀ ਸੁਣਵਾਈ ਦੌਰਾਨ ਪਾਕਿਸਤਾਨੀ ਕ੍ਰਿਕਟਰ Haris Rauf ਅਤੇ ਸਾਹਿਬਜ਼ਾਦਾ ਫਰਹਾਨ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ।
ਫ਼ਰਹਾਨ ਨੇ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਦਾਅਵਾ ਕੀਤਾ ਕਿ ਪਾਕਿਸਤਾਨ ’ਚ ‘ਉਸ ਦੇ ਨਸਲੀ ਪਖਤੂਨ ਕਬੀਲੇ ਵਿੱਚ ਜਸ਼ਨ ਮਨਾਉਣ ਦਾ ਇੱਕ ਰਵਾਇਤੀ ਤਰੀਕਾ’ ਹੈ, ਇਸ ਲਈ ਉਸ ਨੇ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ।
ਇਹ ਸੁਣਵਾਈ ਮੈਚ ਰੈਫ਼ਰੀ Richie Richardson ਵੱਲੋਂ ਇੱਥੇ ਪਾਕਿਸਤਾਨੀ ਟੀਮ ਦੇ ਹੋਟਲ ਵਿੱਚ ਕੀਤੀ ਗਈ ਸੀ। ਦੋਵੇਾਂ ਖਿਡਾਰੀ ਲਿਖਤੀ ਤੌਰ ’ਤੇ ਦਿੱਤੇ ਗਏ ਜਵਾਬਾਂ ਦੇ ਬਾਵਜੂਦ ਵਿਅਕਤੀਗਤ ਤੌਰ ’ਤੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨਾਲ ਟੀਮ ਮੈਨੇਜਰ ਨਵੀਦ ਅਕਰਮ ਚੀਮਾ ਵੀ ਮੌਜੂਦ ਸੀ।
ਟੂਰਨਾਮੈਂਟ ਦੇ ਇੱਕ ਸੂਤਰ ਨੇ ਦੱਸਿਆ, ‘‘ਉਨ੍ਹਾਂ ’ਤੇ ਜੁਰਮਾਨਾ ਲਗਾਉਣ ਅਤੇ ਡੀਮੈਰਿਟ ਅੰਕ ਦਿੱਤੇ ਜਾਣ ਦੀ ਸੰਭਾਵਨਾ ਹੈ ਪਰ ਦੋਵਾਂ ਦੇ ਮੈਚ ਖੇਡਣ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਭਾਰਤੀ ਕ੍ਰਿਕਟ ਬੋਰਡ (BBCI) ਨੇ ਬੁੱਧਵਾਰ ਨੂੰ ਇੱਕ ਅਧਿਕਾਰਕ ਸ਼ਿਕਾਇਤ ਵਿੱਚ ਦੋਵਾਂ ਖਿਡਾਰੀਆਂ ’ਤੇ ਭੜਕਾਊ ਇਸ਼ਾਰੇ ਕਰਨ ਦਾ ਦੋਸ਼ ਲਾਇਆ ਸੀ। ਦੋਵੇਂ ਟੀਮਾਂ ਐਤਵਾਰ ਨੂੰ ਏਸ਼ੀਆ ਕੱਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਰਾਊਫ਼ ਨੇ ਡਿੱਗਦੇ ਹੋਏ ਜਹਾਜ਼ਾਂ ਦਾ ਇਸ਼ਾਰਾ ਕਰਦਿਆਂ ਦਰਸ਼ਕ ਗੈਲਰੀ ’ਚ ਬੈਠੇ ਭਾਰਤੀ ਪ੍ਰਸ਼ੰਸਕਾਂ ਦਾ ਮਜ਼ਾਕ ਉਡਾਇਆ ਸੀ। ਇਸੇ ਤਰ੍ਹਾਂ ਫ਼ਰਹਾਨ ਨੇ ਮੈਚ ਨੀਮ ਸੈਂਕੜਾ ਲਾਉਣ ਮਗਰੋਂ ਮਨਾਏ ਗਏ ਜਸ਼ਨ ਨੂੰ ਵੀ ਭਾਰਤੀ ਟੀਮ ਨੇ ਅਪਮਾਨਜਨਕ ਮੰਨਿਆ ਸੀ।
ਪਾਕਿਸਤਾਨ ਨੇ ਵੀ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਖ਼ਿਲਾਫ਼ ਸਿਆਸੀ ਟਿੱਪਣੀ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ ਕਿਉਂਕਿ ਉਸ ਨੇ 14 ਸਤੰਬਰ ਨੂੰ ਆਪਣੀ ਟੀਮ ਦੀ ਜਿੱਤ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕੀਤਾ ਸੀ।
ਸੂਰਿਆ ਕੁਮਾਰ ਨੇ ਇਸ ਦੋਸ਼ ਲਈ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਉਸ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਵਿੱਚ ਅਜਿਹਾ ਕੋਈ ਸਿਆਸੀ ਬਿਆਨ ਨਾ ਦੇਣ ਲਈ ਕਿਹਾ ਗਿਆ।
ਆਈਸੀਸੀ ਨੇ ਹੁਣ ਤੱਕ ਇਸ ਮਾਮਲੇ ’ਤੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ। ਦੋਵੇਂ ਟੀਮਾਂ ਦਰਮਿਆਨ ਤਣਾਅ ਉਦੋਂ ਤੋਂ ਵਧਿਆ ਹੈ, ਜਦੋਂ ਭਾਰਤੀ ਟੀਮ ਨੇ ਪਹਿਲਗਾਮ ਪੀੜਤਾਂ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਟਾਸ ਮੌਕੇ ਅਤੇ ਖੇਡਣ ਮਗਰੋਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਨਾਂਹ ਕਰ ਦਿੱਤੀ ਸੀ।
ਕਸ਼ਮੀਰ ਵਿੱਚ ਪਹਿਲਗਾਮ ਹਮਲੇ ਮਗਰੋਂ ਭਾਰਤੀ ਸੈਨਾ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਪਹਿਲਾ ਮੈਚ ਸੀ।