ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਦਾ ‘ਟੋਬਾ ਗੋਲਡ ਕੱਪ 2025’ ਫ਼ੀਲਡ ਹਾਕੀ ਟੂਰਨਾਮੈਂਟ ਪੰਜਾਬ ਸਪੋਰਟਸ ਕਲੱਬ(ਹਾਕਸ) ਕੈਲਗਰੀ ਨੇ ਜਿੱਤਿਆ

ਫਾਈਨਲ ਵਿਚ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਨੂੰ ਹਰਾਇਆ
Advertisement

ਸੁਰਿੰਦਰ ਮਾਵੀ

ਵਿਨੀਪੈਗ, 30 ਅਪਰੈਲ

Advertisement

ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ 7ਵਾਂ ਸ਼ਾਨਦਾਰ ‘ਟੋਬਾ ਗੋਲਡ ਕੱਪ 2025’ ਫ਼ੀਲਡ ਹਾਕੀ ਟੂਰਨਾਮੈਂਟ 1717 ਗੇਟਵੇ ਰਿਕਰੇਸ਼ਨ ਸੈਂਟਰ ਵਿਨੀਪੈਗ ਵਿੱਚ ਕਰਵਾਇਆ ਗਿਆ। ਪੰਜਾਬ ਸਪੋਰਟਸ ਕਲੱਬ(ਹਾਕਸ) ਕੈਲਗਰੀ ਨੇ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਨੂੰ ਹਰਾ ਕੇ ਖਿਤਾਬੀ ਜਿੱਤ ਦਰਜ ਕੀਤੀ। ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2500 ਡਾਲਰ, ਦੂਸਰੇ ਸਥਾਨ ਵਾਲੀ ਟੀਮ ਨੂੰ 1500 ਡਾਲਰ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਹਜ਼ਾਰ ਡਾਲਰ ਦੇ ਨਕਦ ਇਨਾਮਾਂ ਤੋਂ ਇਲਾਵਾ ਟਰਾਫ਼ੀਆਂ ਵੀ ਦਿੱਤੀਆਂ ਗਈਆਂ। ਪੰਜਾਬ ਸਪੋਰਟਸ ਕਲੱਬ (ਹਾਕਸ) ਕੈਲਗਰੀ ਦੇ ਗੁਰਕੀਰਤ ਸਿੰਘ ਨੂੰ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ।

ਇਸ ਦੋ ਰੋਜ਼ਾ ਟੂਰਨਾਮੈਂਟ ਵਿਚ ਕੈਨੇਡਾ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ। ਪੂਲ ‘ਏ’ ਵਿਚ ਸ਼ੇਰ-ਏ-ਪੰਜਾਬ ਹਾਕੀ ਕਲੱਬ ਵਿਨੀਪੈਗ, ਅਕਾਲ ਵਾਰੀਅਰਜ਼ ਕਲੱਬ ਕੈਲਗਰੀ, ਬਰੈਂਪਟਨ ਫ਼ੀਲਡ ਹਾਕੀ ਕਲੱਬ ਤੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ ਬੀਸੀ, ਜਦ ਕਿ ਪੂਲ ‘ਬੀ’ ਵਿਚ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵਿਨੀਪੈਗ, ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ , ਆਜ਼ਾਦ ਹਾਕੀ ਫ਼ੀਲਡ ਕਲੱਬ ਟੋਰਾਂਟੋ ਤੇ ਪੰਜਾਬ ਸਪੋਰਟਸ ਕਲੱਬ(ਹਾਕਸ) ਕੈਲਗਰੀ ਦੀਆਂ ਟੀਮਾਂ ਸ਼ਾਮਲ ਸਨ। ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ’ਤੇ ਖੇਡਿਆ ਗਿਆ।

ਲੀਗ ਮੈਚਾਂ ਵਿਚ ਪੂਲ ਏ ’ਚੋਂ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ ਬੀਸੀ ਤੇ ਸ਼ੇਰ-ਏ-ਪੰਜਾਬ ਹਾਕੀ ਕਲੱਬ ਵਿਨੀਪੈਗ ਅਤੇ ਪੂਲ ‘ਬੀ’ ’ਚੋਂ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਤੇ ਪੰਜਾਬ ਸਪੋਰਟਸ ਕਲੱਬ(ਹਾਕਸ) ਕੈਲਗਰੀ ਨੇ ਆਪੋ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਪਹਿਲੇ ਸੈਮੀਫਾਈਨਲ ਵਿਚ ਨਿਰਧਾਰਿਤ ਸਮੇਂ ਵਿਚ ਮੈਚ ਦੋ ਦੋ ਗੋਲਾਂ ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਨੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ ਬੀਸੀ ਨੂੰ ਚਾਰ ਦੇ ਮੁਕਾਬਲੇ ਪੰਜ ਗੋਲਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ’ਚ ਪੰਜਾਬ ਸਪੋਰਟਸ ਕਲੱਬ(ਹਾਕਸ)ਕੈਲਗਰੀ ਨੇ ਸ਼ੇਰ-ਏ-ਪੰਜਾਬ ਹਾਕੀ ਕਲੱਬ ਵਿਨੀਪੈਗ ਨੂੰ ਇਕ ਦੇ ਮੁਕਾਬਲੇ ਚਾਰ ਗੋਲਾਂ ਨਾਲ ਜਿੱਤ ਪ੍ਰਾਪਤ ਕੀਤੀ। ਫਾਈਨਲ ਮੈਚ ਪੰਜਾਬ ਸਪੋਰਟਸ ਕਲੱਬ(ਹਾਕਸ)ਕੈਲਗਰੀ ਤੇ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਵਿਚਕਾਰ ਬਹੁਤ ਹੀ ਫਸਵਾਂ ਮੁਕਾਬਲਾ ਸੀ। ਇਸ ਮੈਚ ਵਿਚ ਨਿਰਧਾਰਿਤ ਸਮੇਂ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਤਾਂ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਪੰਜਾਬ ਸਪੋਰਟਸ ਕਲੱਬ(ਹਾਕਸ)ਕੈਲਗਰੀ ਨੇ ਤਿੰਨ ਗੋਲ ਕੀਤੇ ਅਤੇ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਸਿਰਫ਼ ਦੋ ਗੋਲ ਹੀ ਕਰ ਸਕੀ। ਤੀਸਰੇ ਸਥਾਨ ਲਈ ਹੋਏ ਮੁਕਾਬਲੇ ਵਿਚ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ ਬੀਸੀ ਨੇ ਸ਼ੇਰ-ਏ-ਪੰਜਾਬ ਹਾਕੀ ਕਲੱਬ ਵਿਨੀਪੈਗ ਨੂੰ ਸਿਫ਼ਰ ਦੇ ਮੁਕਾਬਲੇ ਚਾਰ ਗੋਲਾਂ ਨਾਲ ਮਾਤ ਦਿੱਤੀ।

Advertisement