ਪੰਜਾਬ ਕਿੰਗਜ਼ ਨੇ ਮੈਕਸਵੈੱਲ ਨੂੰ ਬਾਹਰ ਕੀਤਾ
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਟੀਮ ਪੰਜਾਬ ਕਿੰਗਜ਼ ਨੇ ਆਈ ਪੀ ਐੱਲ 2026 ਲਈ ਨਿਲਾਮੀ ਤੋਂ ਪਹਿਲਾਂ ਟੀਮ ਵਿੱਚੋਂ ਕੁਝ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਟੀਮ ਦੇ ਕੁਝ ਮੁੱਖ ਖਿਡਾਰੀਆਂ ਨੂੰ ਬਰਕਰਾਰ ਰੱਖਦੇ ਹੋਏ ਪੰਜਾਬ ਕਿੰਗਸ ਨੇ ਆਸਟਰੇਲੀਆ ਦੇ ਆਲਰਾਊਂਡਰ ਗਲੈਨ ਮੈਕਸਵੈੱਲ ਸਣੇ ਕੁਲਦੀਪ ਸੇਨ, ਜੋਸ਼ ਇੰਗਲਿਸ, ਆਰੋਨ ਹਾਰਡੀ ਤੇ ਪ੍ਰਵੀਨ ਦੂਬੇ ਨੂੰ ਰਿਲੀਜ਼ ਕਰ ਦਿੱਤਾ ਹੈ। ਮੈਕਸਵੈੱਲ ਨੇ ਪਿਛਲੇ ਸਾਲ ਪੰਜਾਬ ਕਿੰਗਜ਼ ਨਾਲ ਆਪਣੀ ਤੀਜੀ ਟਰਮ ਖੇਡੀ ਸੀ। ਕੁਲਦੀਪ ਤੇ ਆਰੋਨ ਨੇ ਪਿਛਲੇ ਸੀਜ਼ਨ ਵਿੱਚ ਕੋਈ ਮੈਚ ਨਹੀਂ ਖੇਡਿਆ, ਜਦਕਿ ਪ੍ਰਵੀਨ ਸਿਰਫ਼ ਇੱਕ ਮੈਚ ਵਿੱਚ ਹੀ ਨਜ਼ਰ ਆਏ ਸਨ। ਮੈਕਸਵੈੱਲ ਪਹਿਲੀ ਵਾਰ ਵਰ੍ਹਾ 2014 ਵਿੱਚ ਪੰਜਾਬ ਦੀ ਟੀਮ ਦਾ ਹਿੱਸਾ ਬਣੇ ਸਨ, ਉਦੋਂ ਉਨ੍ਹਾਂ ਲਗਾਤਾਰ ਤਿੰਨ ਪਾਰੀਆਂ ਵਿੱਚ 95, 89 ਤੇ 95 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਿਛਲੇ ਸਾਲ ਮੈਕਸਵੈੱਲ 4.2 ਕਰੋੜ ਰੁਪਏ ਦੀ ਕੀਮਤ ’ਤੇ ਪੰਜਾਬ ਕਿੰਗਜ਼ ਵਿੱਚ ਵਾਪਸ ਆਏ ਸਨ। ਉਦੋਂ ਉਨ੍ਹਾਂ ਛੇ ਪਾਰੀਆਂ ਵਿੱਚ ਸਿਰਫ਼ 48 ਦੌੜਾਂ ਹੀ ਬਣਾਈਆਂ ਸਨ।
