ਪੰਜਾਬ ਹਾਕੀ ਲੀਗ: ਨੇਵਲ ਟਾਟਾ ਤੇ ਸਾਈ ਸੋਨੀਪਤ ਫਾਈਨਲ ’ਚ
ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਤੇ ਸਾਈ ਸੋਨੀਪਤ ਨੇ ਸਖ਼ਤ ਮੁਕਾਬਲਿਆਂ ਵਿੱਚ ਕ੍ਰਮਵਾਰ ਰਾਊਂਡ ਗਲਾਸ ਹਾਕੀ ਅਕੈਡਮੀ ਅਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਹਰਾ ਕੇ ਪੰਜਾਬ ਹਾਕੀ ਲੀਗ 2025 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫਾਈਨਲ 27 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗਾ। ਜੇਤੂ ਟੀਮਾਂ ਨੂੰ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਟਰਾਫੀ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ। ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਮੌਜੂਦਾ ਓਲੰਪੀਅਨ ਖਿਡਾਰੀਆਂ ਅਤੇ ਸਾਬਕਾ ਓਲੰਪੀਅਨਾਂ ਵਿਚਾਲੇ ਨੁਮਾਇਸ਼ੀ ਮੈਚ ਵੀ ਖੇਡਿਆ ਜਾਵੇਗਾ। ਪਹਿਲੇ ਸੈਮੀਫਾਈਨਲ ਵਿੱਚ ਸਾਈ ਸੋਨੀਪਤ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ 1-0 ਨਾਲ ਹਰਾਇਆ। ਜੇਤੂ ਟੀਮ ਵੱਲੋਂ ਅੰਕੁਰ ਨੇ 29ਵੇਂ ਮਿੰਟ ਵਿੱਚ ਗੋਲ ਕੀਤਾ। ਸੋਨੀਪਤ ਦੇ ਮਨਜੀਤ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਦੂਜੇ ਸੈਮੀਫਾਈਨਲ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਰਾਊਂਡ ਗਲਾਸ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ 1-0 ਨਾਲ ਹਰਾਇਆ। ਜੇਤੂ ਟੀਮ ਵਲੋਂ ਇਕਲੌਤਾ ਗੋਲ ਅਸ਼ੀਸ਼ ਤਨੀ ਪੂਰਤੀ ਨੇ 52ਵੇਂ ਮਿੰਟ ਵਿੱਚ ਕੀਤਾ। ਜਮਸ਼ੇਦਪੁਰ ਦੇ ਗੰਗਾ ਟੋਪਨੋ ਨੂੰ ਮੁਕਾਬਲੇ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਪ੍ਰਿੰਸ ਸਰਕਾਰੀਆ, ਓਲੰਪੀਅਨ ਅਸ਼ੋਕ ਧਿਆਨ ਚੰਦ, ਪ੍ਰਮੋਦ ਬਾਟਲਾ, ਨਿਤਨ ਕੋਹਲੀ, ਅਮਰੀਕ ਸਿੰਘ ਪੁਆਰ, ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ, ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਸੰਜੀਵ ਕੁਮਾਰ, ਬਲਬੀਰ ਸਿੰਘ ਰੰਧਾਵਾ ਤੇ ਹੋਰ ਹਾਜ਼ਰ ਸਨ।