ਪ੍ਰਤਿਕਾ ਰਾਵਲ ਸੱਟ ਕਾਰਨ ਵਿਸ਼ਵ ਕੱਪ ’ਚੋਂ ਬਾਹਰ
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਭਾਰਤ ਦੀ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਗੋਡੇ ਅਤੇ ਗਿੱਟੇ ਦੀ ਸੱਟ ਕਾਰਨ ਅੱਜ ਮਹਿਲਾ ਵਿਸ਼ਵ ਕੱਪ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਈ ਹੈ। ਐਤਵਾਰ ਨੂੰ ਇੱਥੇ ਡੀ ਵਾਈ ਪਾਟਿਲ ਸਟੇਡੀਅਮ ਵਿੱਚ ਭਾਰਤ ਦੇ ਆਖਰੀ ਲੀਗ ਮੈਚ ਦੌਰਾਨ 25 ਸਾਲਾ ਖਿਡਾਰਨ ਦੇ ਸੱਜੇ ਗਿੱਟੇ ਨੂੰ ਮੋਚ ਆ ਗਈ ਸੀ। ਬੀ ਸੀ ਸੀ ਆਈ ਦੇ ਸੂਤਰ ਨੇ ਦੱਸਿਆ, ‘ਜਿਸ ਤਰੀਕੇ ਨਾਲ ਉਹ ਡਿੱਗੀ, ਇਹ ਸਪੱਸ਼ਟ ਹੋ ਗਿਆ ਸੀ ਕਿ ਉਹ ਨਾਕਆਊਟ ਮੈਚਾਂ ਵਿੱਚ ਨਹੀਂ ਖੇਡ ਸਕੇਗੀ। ਇਹ ਬਹੁਤ ਮੰਦਭਾਗਾ ਹੈ।’ ਪ੍ਰਤਿਕਾ ਰਾਵਲ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਲੈਅ ’ਚ ਰਹੀ ਹੈ। ਉਸ ਨੇ ਛੇ ਪਾਰੀਆਂ ਵਿੱਚ 51.33 ਦੀ ਔਸਤ ਨਾਲ 308 ਦੌੜਾਂ ਬਣਾਈਆਂ ਹਨ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਮੈਚ ਵਿੱਚ ਆਪਣਾ ਵਿਸ਼ਵ ਕੱਪ ਦਾ ਪਹਿਲਾ ਸੈਂਕੜਾ ਜੜਿਆ ਸੀ। ਇਸ ਦੌਰਾਨ ਉਸ ਨੇ ਮਹਿਲਾ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ। ਭਾਰਤ ਵੀਰਵਾਰ ਨੂੰ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਭਿੜੇਗਾ।
