ਪੋਲੈਂਡ ਦੀ ਐਮਿਲਿਆ ਨੂੰ ਹਰਾ ਕੇ ਪੂਜਾ ਰਾਣੀ ਸੈਮੀਫਾਈਨਲ ਵਿੱਚ ਪੁੱਜੀ
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਵਿਸ਼ਵ ਚੈਂਪੀਅਨਸ਼ਿਪ ਦੇ 80 ਕਿਲੋ ਭਾਰ ਵਰਗ ਵਿਚ ਪੋਲੈਂਡ ਦੀ ਐਮਿਲਿਆ ਕੋਤਰਸਕਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪੁੱਜ ਗਈ ਹੈ। ਇਸ ਜਿੱਤ ਨਾਲ ਉਸ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਪੱਕਾ ਹੋ ਗਿਆ ਹੈ। 34 ਸਾਲਾ ਪੂਜਾ ਨੂੰ ਪਹਿਲੇ ਦੌਰ ਵਿੱਚ ਬਾਈ ਮਿਲੀ ਸੀ। ਉਸ ਨੇ ਬੁੱਧਵਾਰ ਦੇਰ ਰਾਤ ਕੁਆਰਟਰ ਫਾਈਨਲ ਵਿੱਚ ਕਿਸ਼ੋਰ ਕੋਤਰਸਕਾ ਨੂੰ 3-2 ਨਾਲ ਹਰਾਇਆ। 80 ਕਿਲੋਗ੍ਰਾਮ ਇੱਕ ਗੈਰ-ਓਲੰਪਿਕ ਭਾਰ ਵਰਗ ਹੈ ਅਤੇ ਇਸ ਵਰਗ ਦੇ ਮੁਕਾਬਲੇ ਵਿੱਚ 12 ਮੁੱਕੇਬਾਜ਼ ਭਾਗ ਲੈ ਰਹੇ ਹਨ। ਇਸ ਜਿੱਤ ਨਾਲ ਦੋ ਵਾਰ ਦੀ ਏਸ਼ੀਅਨ ਚੈਂਪੀਅਨ ਪੂਜਾ ਰਾਣੀ ਇਸ ਟੂਰਨਾਮੈਂਟ ਵਿੱਚ ਭਾਰਤ ਤਗਮੇ ਯਕੀਨੀ ਬਣਾਉਣ ਵਾਲੀਆਂ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ) ਅਤੇ ਨੂਪੁਰ ਸ਼ਿਓਰਨ (80 ਕਿਲੋਗ੍ਰਾਮ) ਨਾਲ ਸ਼ਾਮਲ ਹੋ ਗਈ ਹੈ। ਇਸ ਦੌਰਾਨ ਭਾਰਤ ਦੀ ਪੁਰਸ਼ ਵਰਗ ਵਿਚ ਮੁਹਿੰਮ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਅਭਿਨਾਸ਼ ਜਾਮਵਾਲ 65 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਜਾਰਜੀਆ ਦੇ ਓਲੰਪਿਕ ਕਾਂਸੀ ਤਗਮਾ ਜੇਤੂ ਲਾਸ਼ਾ ਗੁਰੂਲੀ ਤੋਂ 1-4 ਨਾਲ ਹਾਰ ਗਿਆ। ਉਸ ਦੇ ਬਾਹਰ ਹੋਣ ਨਾਲ ਪੁਰਸ਼ ਟੀਮ ਤੋਂ ਸਿਰਫ਼ ਜਾਦੂਮਣੀ ਸਿੰਘ (50 ਕਿਲੋਗ੍ਰਾਮ) ਹੀ ਦੌੜ ਵਿੱਚ ਰਹਿ ਗਿਆ ਹੈ। ਉਸ ਦਾ ਸਾਹਮਣਾ ਆਖਰੀ ਅੱਠ ਦੇ ਪੜਾਅ ਵਿੱਚ ਕਜ਼ਾਕਿਸਤਾਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਸੰਜ਼ਾਰ ਤਾਸ਼ਕੇਨਬੇ ਨਾਲ ਹੋਵੇਗਾ।