ਪਾਕਿਸਤਾਨ ਨੇ ਏਸ਼ੀਆ ਕੱਪ ਦੇ ਬਾਈਕਾਟ ਦੀ ਧਮਕੀ ਵਾਪਸ ਲਈ
ਐਂਡੀ ਪਾਈਕ੍ਰਾਫਟ ਨੂੰ ਮੈਚ ਰੈਫਰੀ ਵਜੋਂ ਹਟਾਉਣ ਦੀ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਦੀ ਮੰਗ ਆਈ ਸੀ ਸੀ ਵੱਲੋਂ ਦੂਜੀ ਵਾਰ ਰੱਦ ਕੀਤੇ ਜਾਣ ਤੋਂ ਬਾਅਦ ਏਸ਼ੀਆ ਕੱਪ ਦੇ ਬਾਈਕਾਟ ਦੀ ਧਮਕੀ ਵਾਪਸ ਲੈ ਕੇ ਪਾਕਿਸਤਾਨ ਦੀ ਟੀਮ ਯੂ ਏ ਈ ਖ਼ਿਲਾਫ਼ ਮੁਕਾਬਲਾ ਖੇਡਣ ਲਈ ਸਟੇਡੀਅਮ ਪਹੁੰਚ ਗਈ। ਹਾਲਾਂਕਿ ਪੂਰੇ ਡਰਾਮੇ ਕਾਰਨ ਮੈਚ ਵਿੱਚ ਦੇਰੀ ਹੋਈ। ਟੀਮਾਂ ਨੂੰ ਮੈਚ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਸਟੇਡੀਅਮ ਪਹੁੰਚਣਾ ਹੁੰਦਾ ਹੈ, ਜਦਕਿ ਵਿਰੋਧ ਦਰਜ ਕਰਵਾਉਣ ਲਈ ਪਾਕਿਸਤਾਨ ਲੇਟ ਪਹੁੰਚਿਆ। ਇਸ ਮੈਚ ਵਿੱਚ ਪਾਈਕ੍ਰਾਫਟ ਨੇ ਹੀ ਮੈਚ ਰੈਫਰੀ ਦੀ ਭੂਮਿਕਾ ਨਿਭਾਈ। ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਐਤਵਾਰ ਦੇ ਮੈਚ ਦੌਰਾਨ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਟਾਸ ਵੇਲੇ ਹੱਥ ਨਹੀਂ ਮਿਲਾਇਆ। ਮੈਚ ਜਿੱਤਣ ਮਗਰੋਂ ਵੀ ਭਾਰਤੀ ਟੀਮ ਨੇ ਪਾਕਿਸਾਤਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੀ ਸੀ ਬੀ ਨੇ ਵਿਵਾਦ ਲਈ ਪਾਈਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਉਸ ਨੇ ਟਾਸ ਵੇਲੇ ਸਲਮਾਨ ਨੂੰ ਸੂਰਿਆਕੁਮਾਰ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਅਤੇ ਦੋਵਾਂ ਕਪਤਾਨਾਂ ਨੂੰ ਟੀਮ ਸ਼ੀਟਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਰੋਕਿਆ। ਪਾਕਿਸਤਾਨ ਨੇ ਭਾਰਤੀ ਖਿਡਾਰੀਆਂ ’ਤੇ ਖੇਡ ਦੀ ਭਾਵਨਾ ਦੀ ਉਲੰਘਣਾ ਕਰਨ ਅਤੇ ਪਾਈਕ੍ਰਾਫਟ ’ਤੇ ਵਿਤਕਰੇ ਦਾ ਦੋਸ਼ ਲਾਇਆ। ਹਾਲਾਂਕਿ ਪੀ ਸੀ ਬੀ ਨੇ ਦਾਅਵਾ ਕੀਤਾ ਕਿ ਪਾਈਕ੍ਰਾਫਟ ਨੇ ਇਸ ਸਬੰਧੀ ਪਾਕਿਸਤਾਨ ਦੀ ਟੀਮ ਤੋਂ ਮੁਆਫੀ ਮੰਗ ਲਈ ਹੈ।