ਪਾਕਿਸਤਾਨ ਨੇ ਇੱਕ ਰੋਜ਼ਾ ਲੜੀ ’ਚ ਹੂੰਝਾ ਫੇਰਿਆ
ਪਾਕਿਸਤਾਨ ਨੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਸ੍ਰੀਲੰਕਾ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਵਿੱਚ ਮੁੜ ਅਸਫਲ ਰਹੇ ਅਤੇ ਟੀਮ 45.2 ਓਵਰਾਂ ਵਿੱਚ 211 ਦੌੜਾਂ ’ਤੇ ਆਊਟ ਹੋ ਗਈ। ਸਦੀਰਾ ਸਮਰਾਵਿਕਰਮਾ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਨ ਕੁਸਲ ਮੈਂਡਿਸ ਨੇ 34 ਦੌੜਾਂ ਅਤੇ ਪਵਨ ਰਤਨਾਇਕੇ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਲਈ ਮੁਹੰਮਦ ਵਸੀਮ ਨੇ ਤਿੰਨ ਵਿਕਟਾਂ ਲਈਆਂ।
ਪਾਕਿਸਤਾਨ ਨੇ 44.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 215 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਮੁਹੰਮਦ ਰਿਜ਼ਵਾਨ (ਨਾਬਾਦ 61 ਦੌੜਾਂ) ਅਤੇ ਫਖ਼ਰ ਜ਼ਮਾਨ (55 ਦੌੜਾਂ) ਨੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜੇ ਜੜੇ। ਬਾਬਰ ਆਜ਼ਮ ਨੇ ਵੀ 34 ਦੌੜਾਂ ਬਣਾਈਆਂ। ਹੁਸੈਨ ਤਲਤ 42 ਦੌੜਾਂ ਬਣਾ ਕੇ ਨਾਬਾਦ ਰਿਹਾ। ਪਾਕਿਸਤਾਨ ਨੇ ਪਹਿਲਾ ਇੱਕ ਰੋਜ਼ਾ ਮੈਚ ਛੇ ਦੌੜਾਂ ਅਤੇ ਦੂਜਾ ਅੱਠ ਵਿਕਟਾਂ ਨਾਲ ਜਿੱਤਿਆ ਸੀ। ਦੋਵੇਂ ਟੀਮਾਂ ਹੁਣ ਤਿਕੋਣੀ ਲੜੀ ਵਿੱਚ ਹਿੱਸਾ ਲੈਣਗੀਆਂ, ਜਿਸ ਵਿੱਚ ਤੀਜੀ ਟੀਮ ਜ਼ਿੰਬਾਬਵੇ ਹੈ।
ਸਰਫਰਾਜ਼ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ
ਲਾਹੌਰ: ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੈਂਪੀਅਨਜ਼ ਟਰਾਫੀ-2017 ਜੇਤੂ ਟੀਮ ਦੇ ਕਪਤਾਨ ਨੂੰ ਪਾਕਿਸਤਾਨ ਸ਼ਾਹੀਨ (ਏ ਟੀਮ) ਅਤੇ ਅੰਡਰ-19 ਟੀਮ ਨਾਲ ਸਬੰਧਤ ਮਾਮਲਿਆਂ ਦੀ ਦੇਖ-ਰੇਖ ਦਾ ਜ਼ਿੰਮਾ ਦਿੱਤਾ ਗਿਆ ਹੈ। ਹੁਣ ਦੋਵਾਂ ਟੀਮਾਂ ਦੇ ਕੋਚ, ਚੋਣਕਾਰ ਅਤੇ ਸਹਿਯੋਗੀ ਸਟਾਫ਼ ਦੇ ਮੈਂਬਰ ਸਰਫਰਾਜ਼ ਨੂੰ ਰਿਪੋਰਟ ਕਰਨਗੇ। ਇਸ ਵਿੱਚ ਪਾਕਿਸਤਾਨ ਵਿੱਚ ਸਿਖਲਾਈ ਲੈਣ ਅਤੇ ਲੜੀ ਦੌਰਾਨ ਟੀਮਾਂ ਨਾਲ ਰਹਿਣਾ ਵੀ ਸ਼ਾਮਲ ਹੈ। ਸਰਫਰਾਜ਼ 2016 ਤੋਂ 2019 ਤੱਕ ਟੀਮ ਦਾ ਕਪਤਾਨ ਹੁੰਦਿਆਂ ਪਾਕਿਸਤਾਨ ਲਈ ਅਹਿਮ ਵਿਅਕਤੀ ਰਿਹਾ ਹੈ। ਸਰਫ਼ਰਾਜ਼ ਦੀ ਅਗਵਾਈ ਹੇਠ ਪਾਕਿਸਤਾਨ ਨੇ ਸਾਲ 2017 ਵਿੱਚ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫ਼ੀ ਖ਼ਿਤਾਬ ਜਿੱਤਿਆ ਸੀ। ਉਸ ਦੀ ਅਗਵਾਈ ਹੇਠ ਪਾਕਿਸਤਾਨੀ ਟੀਮ ਦੀ ਜਿੱਤ ਦਰ 70 ਫ਼ੀਸਦ ਸੀ। -ਏਐੱਨਆਈ
