ਪਾਕਿਸਤਾਨ ਨੇ ਜਿੱਤ ਨਾਲ ਖਾਤਾ ਖੋਲ੍ਹਿਆ
ਹੈਦਰਾਬਾਦ, 6 ਅਕਤੂਬਰ
ਪਾਕਿਸਤਾਨ ਨੇ ਅੱਜ ਇੱਥੇ ਨੈਦਰਲੈਂਡਜ਼ ਨੂੰ 81 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਜਿੱਤ ਨਾਲ ਆਗਾਜ਼ ਕੀਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪਾਕਿਸਤਾਨ ਦੀ ਟੀਮ 49 ਓਵਰਾਂ ਵਿੱਚ 286 ਦੌੜਾਂ ’ਤੇ ਆਊਟ ਹੋ ਗਈ। ਮੁਹੰਮਦ ਰਿਜ਼ਵਾਨ ਨੇ 75 ਗੇਂਦਾਂ ’ਚ 68 ਦੌੜਾਂ ਅਤੇ ਸਾਊਦ ਸ਼ਕੀਲ ਨੇ 52 ਗੇਂਦਾਂ ’ਤੇ 68 ਦੌੜਾਂ ਬਣਾਈਆਂ। ਨੈਦਰਲੈਂਡਜ਼ ਲਈ ਹਰਫ਼ਨਮੌਲਾ ਬਾਸ ਡੀ ਲੀਡ ਨੇ ਚਾਰ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਨੈਦਰਲੈਂਡਜ਼ ਦੀ ਪੂਰੀ ਟੀਮ 41 ਓਵਰਾਂ ਵਿੱਚ ਆਊਟ ਹੋ ਗਈ। ਪਾਕਿਸਤਾਨ ਦੇ ਹੈਰਿਸ ਰਾਊਫ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਡੀ ਲੀਡ ਨੇ ਬੱਲੇਬਾਜ਼ੀ ਵਿੱਚ ਵੀ ਹੱਥ ਅਜ਼ਮਾਉਂਦਿਆਂ 68 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਪਰ ਵਿਕਰਮਜੀਤ ਸਿੰਘ (67 ਗੇਂਦਾਂ ਵਿੱਚ 52 ਦੌੜਾਂ) ਤੋਂ ਇਲਾਵਾ ਉਸ ਨੂੰ ਟੀਮ ਦੇ ਕਿਸੇ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਸਾਊਦ ਸ਼ਕੀਲ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ। -ਪੀਟੀਆਈ
ਸ਼ੁਭਮਨ ਨੂੰ ਡੇਂਗੂ ਦਾ ਸ਼ੱਕ; ਭਾਰਤ ਦੀਆਂ ਫਿਕਰਾਂ ਵਧੀਆਂ
ਚੇਨੱਈ: ਆਸਟਰੇਲੀਆ ਖਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਲੇਠੇ ਮੁਕਾਬਲੇ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਹੋਣ ਦੇ ਖ਼ਦਸ਼ੇ ਨੇ ਭਾਰਤੀ ਟੀਮ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਗਿੱਲ, ਜੋ ਇਸ ਵੇਲੇ ਪੂਰੀ ਲੈਅ ਵਿੱਚ ਹੈ, ਦਾ ਆਸਟਰੇਲੀਆ ਖਿਲਾਫ਼ ਖੇਡਣਾ ਸ਼ੱਕੀ ਜਾਪ ਰਿਹਾ ਹੈ। ਗਿੱਲ ਦੀ ਗ਼ੈਰਹਾਜ਼ਰੀ ਵਿੱਚ ਇਸ਼ਾਨ ਕਿਸ਼ਨ ਨੂੰ ਭਾਰਤੀ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ। ਉਧਰ ਭਾਰਤੀ ਕ੍ਰਿਕਟ ਬੋਰਡ ਨੇ ਗਿੱਲ ਨੂੰ ਡੇਂਗੂ ਹੋਣ ਦੀ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਬੀਸੀਸੀਆਈ ਨੇ ਮੈਡੀਕਲ ਅਪਡੇਟ ਵਿੱਚ ਕਿਹਾ, ‘‘ਮੈਡੀਕਲ ਟੀਮ ਵੱਲੋਂ ਗਿੱਲ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ। ਸਾਨੂੰ ਮੈਡੀਕਲ ਟੀਮ ਤੋਂ ਹੋਰ ਅਪਡੇਟਸ ਦੀ ਉਡੀਕ ਹੈ। ਗਿੱਲ ਨੂੰ ਇਸ ਵੇਲੇ ਤੇਜ਼ ਬੁਖਾਰ ਦੱਸਿਆ ਜਾ ਰਿਹਾ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅੱਜ (ਸ਼ੁੱਕਰਵਾਰ) ਉਸ ਦਾ ਡੇਂਗੂ ਟੈਸਟ ਕਰਵਾਇਆ ਗਿਆ ਹੈ।’’ ਬੋਰਡ ਦੇ ਸੂਤਰ ਨੇ ਕਿਹਾ ਕਿ ਗਿੱਲ ਦਾ ਡੇਂਗੂ ਲਈ ਮੁੜ ਟੈਸਟ ਕਰਵਾਇਆ ਜਾਵੇਗਾ। -ਪੀਟੀਆਈ