ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ ਹਾਕੀ ਨਹੀਂ ਖੇਡਣਗੇ ਪਾਕਿਸਤਾਨ ਤੇ ਓਮਾਨ

ਬਿਹਾਰ ਵਿੱਚ 29 ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਬੰਗਲਾਦੇਸ਼ ਤੇ ਕਜ਼ਾਖਸਤਾਨ ਨੂੰ ਕੀਤਾ ਸ਼ਾਮਲ; ਭਾਰਤ ਨੂੰ ਚੀਨ, ਜਪਾਨ ਅਤੇ ਕਜ਼ਾਖਸਤਾਨ ਨਾਲ ਗਰੁੱਪ ‘ਏ’ ’ਚ ਰੱਖਿਆ
Advertisement

ਬਿਹਾਰ ਦੇ ਰਾਜਗੀਰ ਵਿੱਚ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਓਮਾਨ ਦੀ ਜਗ੍ਹਾ ਹੁਣ ਬੰਗਲਾਦੇਸ਼ ਅਤੇ ਕਜ਼ਾਖਸਤਾਨ ਖੇਡਣਗੇ। ਅੱਜ ਜਾਰੀ ਟੂਰਨਾਮੈਂਟ ਦੇ ਸ਼ਡਿਊਲ ਅਨੁਸਾਰ ਮੇਜ਼ਬਾਨ ਭਾਰਤ ਨੂੰ ਚੀਨ, ਜਪਾਨ ਅਤੇ ਕਜ਼ਾਖਸਤਾਨ ਨਾਲ ਗਰੁੱਪ ‘ਏ’ ਵਿੱਚ ਰੱਖਿਆ ਗਿਆ ਹੈ, ਜਦਕਿ ਮਲੇਸ਼ੀਆ, ਕੋਰੀਆ, ਚੀਨੀ ਤਾਇਪੇ ਅਤੇ ਬੰਗਲਾਦੇਸ਼ ਪੂਲ ‘ਬੀ’ ਵਿੱਚ ਹਨ।

ਇਸ ਅੱਠ ਟੀਮਾਂ ਦੇ ਟੂਰਨਾਮੈਂਟ ਦੇ ਜੇਤੂ ਨੂੰ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਣ ਵਾਲੇ 2026 ਵਿਸ਼ਵ ਕੱਪ ਵਿੱਚ ਸਿੱਧੀ ਜਗ੍ਹਾ ਮਿਲੇਗੀ। ਇਹ ਮਹਾਦੀਪੀ ਟੂਰਨਾਮੈਂਟ 29 ਅਗਸਤ ਨੂੰ ਮਲੇਸ਼ੀਆ ਅਤੇ ਬੰਗਲਾਦੇਸ਼ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ, ਜਦਕਿ ਮੁਕਾਬਲੇ ਦੇ ਪਹਿਲੇ ਦਿਨ ਦੇ ਆਖਰੀ ਮੈਚ ਵਿੱਚ ਭਾਰਤ ਅਤੇ ਚੀਨ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਪੂਲ ਗੇੜ ਤੋਂ ਬਾਅਦ, ਸੁਪਰ-4 ਮੈਚ 3 ਤੋਂ 6 ਸਤੰਬਰ ਤੱਕ ਖੇਡੇ ਜਾਣਗੇ। ਸੁਪਰ-4 ਮੈਚਾਂ ਦਾ ਐਲਾਨ ਪੂਲ ਗੇੜ ਤੋਂ ਬਾਅਦ ਕੀਤਾ ਜਾਵੇਗਾ।

Advertisement

ਫਾਈਨਲ, ਤੀਜੇ ਸਥਾਨ ਦਾ ਪਲੇਅ-ਆਫ ਅਤੇ ਪੰਜਵੇਂ-ਛੇਵੇਂ ਸਥਾਨ ਦਾ ਵਰਗੀਕਰਨ ਮੈਚ 7 ਸਤੰਬਰ ਨੂੰ ਹੋਵੇਗਾ। ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਟੂਰਨਾਮੈਂਟ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਦੇਵੇਗੀ ਪਰ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਬੰਧਕਾਂ ਨੇ ਅੱਠ ਟੀਮਾਂ ਦੇ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਜਗ੍ਹਾ ਲੈਣ ਲਈ ਪਹਿਲਾਂ ਹੀ ਬੰਗਲਾਦੇਸ਼ ਨਾਲ ਸੰਪਰਕ ਕੀਤਾ ਸੀ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨਾਲ ਫੌਜੀ ਟਕਰਾਅ ਕਾਰਨ ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਪੱਕਾ ਨਹੀਂ ਸੀ। ਕੋਰੀਆ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਪੰਜ ਵਾਰ ਖਿਤਾਬ ਜਿੱਤਿਆ ਹੈ। ਭਾਰਤ ਅਤੇ ਪਾਕਿਸਤਾਨ ਨੇ ਇਸ ਨੂੰ ਤਿੰਨ-ਤਿੰਨ ਵਾਰ ਜਿੱਤਿਆ ਹੈ। ਭਾਰਤ ਨੇ ਆਖਰੀ ਵਾਰ 2017 ਵਿੱਚ ਢਾਕਾ ’ਚ ਮਲੇਸ਼ੀਆ ਨੂੰ ਫਾਈਨਲ ਵਿੱਚ 2-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।

Advertisement