ਇੱਕ ਰੋਜ਼ਾ ਕ੍ਰਿਕਟ: ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ
ਹਸਨ ਨਵਾਜ਼ ਦੀ 63 ਦੌੜਾਂ ਦੀ ਨਾਬਾਦ ਪਾਰੀ ਸਦਕਾ ਪਾਕਿਸਤਾਨ ਨੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ 49 ਓਵਰਾਂ ਵਿੱਚ 280 ਦੌੜਾਂ ’ਤੇ ਆਊਟ ਹੋ ਗਈ। ਜਵਾਬ ਵਿੱਚ ਪਾਕਿਸਤਾਨ ਨੇ 48.5 ਓਵਰਾਂ ਵਿੱਚ ਪੰਜ ਵਿਕਟਾਂ ’ਤੇ 284 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਖ਼ਿਲਾਫ਼ ਫਲੋਰੀਡਾ ਵਿੱਚ ਖੇਡੀ ਗਈ ਟੀ-20 ਲੜੀ 2-1 ਨਾਲ ਜਿੱਤੀ ਸੀ।
ਨਵਾਜ਼ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਲਾਏ। ਇਸ ਤੋਂ ਇਲਾਵਾ ਪਾਕਿਸਤਾਨ ਲਈ ਕਪਤਾਨ ਮੁਹੰਮਦ ਰਿਜ਼ਵਾਨ ਨੇ 53, ਬਾਬਰ ਆਜ਼ਮ ਨੇ 47 ਅਤੇ ਹੁਸੈਨ ਤਲਤ ਨੇ ਨਾਬਾਦ 41 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਲਈ ਏਵਿਨ ਲੁਈਸ (60), ਕਪਤਾਨ ਸ਼ਾਈ ਹੋਪ (55) ਅਤੇ ਰੋਸਟਨ ਚੇਜ਼ (53) ਨੇ ਨੀਮ ਸੈਂਕੜੇ ਜੜੇ। ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ 51 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਨਸੀਮ ਸ਼ਾਹ ਨੇ 55 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਸ਼ਾਹੀਨ ਸ਼ਾਹ ਅਫਰੀਦੀ ਕੌਮਾਂਤਰੀ ਕ੍ਰਿਕਟ ਵਿੱਚ 350 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ 177 ਕੌਮਾਂਤਰੀ ਮੈਚਾਂ ਵਿੱਚ 24.77 ਦੀ ਔਸਤ ਨਾਲ 351 ਵਿਕਟਾਂ ਲੈ ਚੁੱਕਾ ਹੈ। ਇਨ੍ਹਾਂ ’ਚੋਂ 65 ਇੱਕ ਰੋਜ਼ਾ ਮੈਚਾਂ ਵਿੱਚ ਉਸ ਨੇ 24.01 ਦੀ ਔਸਤ ਨਾਲ 131 ਵਿਕਟਾਂ ਲਈਆਂ ਹਨ, ਜਿਸ ਵਿੱਚ ਅੱਠ ਚਾਰ-ਵਿਕਟਾਂ ਅਤੇ ਤਿੰਨ ਪੰਜ-ਵਿਕਟਾਂ ਸ਼ਾਮਲ ਹਨ।