ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਵਿਸ਼ਵ ਚੈਂਪੀਅਨਸ਼ਿਪ ’ਚੋਂ ਅਯੋਗ ਕਰਾਰ
ਓਲੰਪਿਕ ਤਗਮਾ ਜੇਤੂ ਅਮਨ ਸਹਿਰਾਵਤ ਨੂੰ ਭਾਰ ਜ਼ਿਆਦਾ ਹੋਣ ਕਰਕੇ ਐਤਵਾਰ ਨੂੰ ਜ਼ਾਗਰੇਬ(Zagreb) ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਭਾਰਤੀ ਕੁਸ਼ਤੀ ਦਲ ਲਈ ਇਹ ਵੱਡਾ ਝਟਕਾ ਹੈ।
ਪਿਛਲੇ ਸਾਲ ਪੈਰਿਸ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਦਾ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਿੱਚ ਮੁਕਾਬਲੇ ਤੋਂ ਪਹਿਲਾਂ ਭਾਰ ਕੀਤਾ ਗਿਆ, ਜੋ ਲੋੜੀਂਦੇ ਭਾਰ ਨਾਲੋਂ 1.7 ਕਿਲੋਗ੍ਰਾਮ ਵੱਧ ਨਿਕਲਿਆ।
ਭਾਰਤੀ ਕੁਸ਼ਤੀ ਦਲ ਦੇ ਇੱਕ ਸੂਤਰ ਨੇ ਜ਼ਾਗਰੇਬ ਤੋਂ ਪੀਟੀਆਈ ਨੂੰ ਦੱਸਿਆ, ‘‘ਇਹ ਮੰਦਭਾਗਾ ਅਤੇ ਹੈਰਾਨੀਜਨਕ ਹੈ ਕਿ ਅਮਨ ਆਪਣਾ ਭਾਰ ਬਰਕਰਾਰ ਨਹੀਂ ਰੱਖ ਸਕਿਆ। ਜਦੋਂ ਉਹ ਭਰਤ ਤੋਲਣ ਵਾਲੀ ਮਸ਼ੀਨ ’ਤੇ ਖੜ੍ਹਾ ਸੀ ਤਾਂ ਉਸ ਦਾ ਭਾਰ 1700 ਗ੍ਰਾਮ ਵੱਧ ਸੀ। ਅਸਲ ਵਿੱਚ ਇਹ ਸਵੀਕਾਰਯੋਗ ਨਹੀਂ ਹੈ। ਉਸ ਨੂੰ ਇੰਨਾ ਵਾਧੂ ਭਾਰ ਕਿਵੇਂ ਮਿਲਿਆ, ਇਹ ਸਾਡੀ ਸਮਝ ਤੋਂ ਪਰੇ ਹੈ।’’
ਅਮਨ 25 ਅਗਸਤ ਨੂੰ ਹੋਰ ਭਾਰਤੀ ਪਹਿਲਵਾਨਾਂ ਨਾਲ ਇਕ ਕੈਂਪ ਲਈ ਕ੍ਰੋਏਸ਼ੀਆ ਦੇ ਜ਼ਾਗਰੇਬ ਪਹੁੰਚਿਆ ਸੀ ਅਤੇ ਉਸ ਕੋਲ ਭਾਰ ਬਣਾਉਣ ਲਈ ਕਾਫ਼ੀ ਸਮਾਂ ਸੀ। ਅਮਨ (22), ਜੋ ਮਸ਼ਹੂਰ ਛੱਤਰਸਾਲ ਸਟੇਡੀਅਮ ਵਿੱਚ ਸਿਖਲਾਈ ਲੈਂਦਾ ਹੈ, ਭਾਰਤੀ ਕੁਸ਼ਤੀ ਦਲ ਵਿਚ ਤਗਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਸੀ।