ਉੜੀਸਾ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ
ਇੱਥੇ ਚੱਲ ਰਹੀ 15ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਅੱਜ ਉੜੀਸਾ, ਮਨੀਪੁਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਲੀਗ ਗੇੜ ਦੇ ਆਖਰੀ ਚਾਰ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਉੜੀਸਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਂਧਰਾ ਪ੍ਰਦੇਸ਼ ਨੂੰ 10-0 ਨਾਲ ਹਰਾਇਆ। ਦੂਜੇ ਮੈਚ ਵਿੱਚ ਮਨੀਪੁਰ ਨੇ ਦਾਦਰਾ ਨਗਰ ਹਵੇਲੀ ਨੂੰ 5-1 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਤੀਜੇ ਮੈਚ ਵਿੱਚ ਝਾਰਖੰਡ ਨੇ ਮਹਾਰਾਸ਼ਟਰ ਨੂੰ 5-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਸਭ ਤੋਂ ਰੋਮਾਂਚਕ ਮੁਕਾਬਲਾ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚਾਲੇ ਹੋਇਆ। ਇਸ ਮੈਚ ਵਿੱਚ ਮੱਧ ਪ੍ਰਦੇਸ਼ ਨੇ ਅੱਧੇ ਸਮੇਂ ਤੱਕ 3-1 ਦੀ ਲੀਡ ਲਈ ਹੋਈ ਸੀ, ਪਰ ਦੂਜੇ ਅੱਧ ਵਿੱਚ ਤਾਮਿਲਨਾਡੂ ਨੇ ਵਾਪਸੀ ਕਰਦਿਆਂ ਦੋ ਗੋਲ ਕਰਕੇ ਮੁਕਾਬਲਾ 3-3 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਗੋਲ ਔਸਤ ਦੇ ਆਧਾਰ ’ਤੇ ਮੱਧ ਪ੍ਰਦੇਸ਼ ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਪ੍ਰਿੰਸੀਪਲ ਸਰਬਜੀਤ ਕੌਰ ਰਾਏ, ਸੁਰਿੰਦਰ ਸਿੰਘ ਭਾਪਾ, ਲਖਵਿੰਦਰ ਪਾਲ ਸਿੰਘ, ਓਲੰਪੀਅਨ ਗੁਰਜੀਤ ਕੌਰ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਕੁਲਵੰਤ ਰਾਏ ਸਹੋਤਾ ਅਤੇ ਗੁੰਦੀਪ ਸਿੰਘ ਕਪੂਰ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।