Champions Trophy: ਭਾਰਤ ਨੇ ਆਖਰੀ ਗਰੁੱਪ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ
ਦੁਬਈ, 2 ਮਾਰਚ
ਸ਼੍ਰੇਅਸ ਅੱਈਅਰ(79), ਅਕਸ਼ਰ ਪਟੇਲ(42) ਤੇ ਹਾਰਦਿਕ ਪੰਡਿਆ(45) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ ਵਰੁਣ ਚੱਕਰਵਰਤੀ ਵੱਲੋਂ 42 ਦੌੜਾਂ ਬਦਲੇ ਲਈਆਂ 5 ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਏ’ ਦੇ ਆਪਣੇ ਆਖਰੀ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਦਿੱਤਾ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 249/9 ਦਾ ਸਕੋਰ ਬਣਾਇਆ ਸੀ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 45.3 ਓਵਰਾਂ ਵਿਚ 205 ਦੌੜਾਂ ’ਤੇ ਆਊਟ ਹੋ ਗਈ। ਨਿਊਜ਼ੀਲੈਂਡ ਲਈ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਕਪਤਾਨ ਮਿਸ਼ੇਲ ਸੈਂਟਨਰ ਨੇ 28 ਤੇ ਵਿਲ ਯੰਗ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਆਪਣਾ ਪਹਿਲਾ ਇਕ ਰੋਜ਼ਾ ਕੌਮਾਂਤਰੀ ਮੁਕਾਬਲਾ ਖੇਡ ਰਹੇ ਵਰੁਣ ਚੱਕਰਵਰਤੀ ਨੇ ਪੰਜ ਵਿਕਟ ਲਏ। ਕੁਲਦੀਪ ਯਾਦਵ ਨੇ 2 ਜਦੋਂਕਿ ਇਕ ਇਕ ਵਿਕਟ ਅਕਸ਼ਰ ਪਟੇਲ, ਰਵਿੰਦਰ ਜਡੇਜਾ ਤੇ ਹਾਰਦਿਕ ਪੰਡਿਆ ਦੇ ਹਿੱਸੇ ਆਈ।
ਇਸ ਜਿੱਤ ਨਾਲ ਭਾਰਤ ਗਰੁੱਪ ‘ਏ’ ਵਿਚ ਸਿਖਰ ’ਤੇ ਰਿਹਾ ਹੈ। ਭਾਰਤ ਹੁਣ 4 ਮਾਰਚ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿਚ ਆਸਟਰੇਲੀਆ ਦਾ ਸਾਹਮਣਾ ਕਰੇਗਾ ਜਦੋਂਕਿ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫ਼ਰੀਕਾ ਤੇ ਨਿਊਜ਼ੀਲੈਂਡ ਆਹਮੋ ਸਾਹਮਣੇ ਹੋਣਗੇ। ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ। ਭਾਰਤ ਜੇਕਰ ਸੈਮੀਫਾਈਨਲ ਜਿੱਤਦਾ ਹੈ ਤਾਂ ਫਾਈਨਲ ਮੁਕਾਬਲਾ ਦੁਬਈ ਵਿਚ ਖੇਡਿਆ ਜਾਵੇਗਾ, ਨਹੀਂ ਤਾਂ ਇਹ ਮੁਕਾਬਲਾ ਲਾਹੌਰ ਵਿਚ ਹੋਵੇਗਾ
ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 249 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪਾਂਡਿਆਂ ਨੇ ਮੈਚ ਦੇ ਆਖਰੀ ਓਵਰ ਵਿਚ ਛੱਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੈਚ ਆਊਟ ਹੋ ਗਿਆ। ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਸ਼੍ਰੇਅਸ ਅਈਅਰ ਨੇ 79 ਬਣਾਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਿਆ ਨੇ 45 ਤੇ ਅਕਸ਼ਰ ਪਟੇਲ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਪਾਰੀ ਦੀ ਸ਼ੁਰੂਆਤ ਬਹੁਤ ਖਰਾਬ ਰਹੀ।
ਨਿਊਜ਼ੀਲੈਂਡ ਨੇ ਪਹਿਲਾਂ ਸ਼ੁਭਮਨ ਗਿੱਲ ਤੇ ਬਾਅਦ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕਰ ਦਿੱਤਾ। ਰੋਹਿਤ ਨੂੰ ਜੈਮੀਸਨ ਨੇ ਵਿਲ ਯੰਗ ਹੱਥੋਂ ਕੈਚ ਆਊਟ ਕਰਵਾਇਆ। ਰੋਹਿਤ ਨੇ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਜ਼ਿਆਦਾ ਸਮਾਂ ਟਿਕ ਨਾ ਸਕਿਆ ਤੇ ਉਸ ਦਾ ਮੈਟ ਹੈਨਰੀ ਦੀ ਗੇਂਦ ’ਤੇ ਗਲੈਨ ਫਿਲਿਪ ਨੇ ਸ਼ਾਨਦਾਰ ਕੈਚ ਲਿਆ। ਕੋਹਲੀ ਨੇ 14 ਗੇਂਦਾਂ ਵਿਚ 11 ਦੌੜਾਂ ਬਣਾਈਆਂ।
ਭਾਰਤ ਦੀਆਂ 30 ਦੌੜਾਂ ਦੇ ਸਕੋਰ ’ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਟਿਕ ਕੇ ਖੇਡਦਿਆਂ ਭਾਰਤ ਦੀਆਂ ਸੌ ਦੌੜਾਂ ਪੂਰੀਆਂ ਕੀਤੀਆਂ। ਸ਼੍ਰੇਅਸ ਨੇ 66 ਗੇਂਦਾਂ ਵਿਚ 44 ਦੌੜਾਂ ਬਣਾ ਲਈਆਂ ਹਨ ਜਦਕਿ ਅਕਸ਼ਰ ਨੇ 48 ਗੇਂਦਾਂ ਵਿਚ 27 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਕਸ਼ਰ 42 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇਸ ਤੋਂ ਬਾਅਦ ਸ਼੍ਰੇਅਸ 79 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਕੇ ਐਲ ਰਾਹੁਲ 23 ਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਆਊਟ ਹੋਏ। -ਪੀਟੀਆਈ