ਭਾਰਤ ਦੇ ਨੌਂ ਸਾਲਾ ਆਰਿਤ ਨੇ ਕਾਰਲਸਨ ਨੂੰ ਡਰਾਅ ’ਤੇ ਰੋਕਿਆ
ਨਵੀਂ ਦਿੱਲੀ, 25 ਜੂਨ
ਦਿੱਲੀ ਦਾ ਨੌਂ ਸਾਲਾ ਆਰਿਤ ਕਪਿਲ ਇੱਕ ਪ੍ਰਮੁੱਖ ਆਨਲਾਈਨ ਪਲੇਟਫਾਰਮ ’ਤੇ ਕਰਵਾਏ ਗਏ ‘ਅਰਲੀ ਟਾਈਟਲਡ ਟਿਊਜ਼ਡੇਅ’ ਸ਼ਤਰੰਜ ਟੂਰਨਾਮੈਂਟ ਵਿੱਚ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਦੇ ਨੇੜੇ ਪਹੁੰਚ ਗਿਆ ਸੀ ਪਰ ਅੰਤ ਵਿੱਚ ਉਸ ਨੂੰ ਡਰਾਅ ਨਾਲ ਸਬਰ ਕਰਨਾ ਪਿਆ। ਹਾਲ ਹੀ ਵਿੱਚ ਹੋਈ ਅੰਡਰ-ਨਾਈਨ ਕੌਮੀ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਿਹਾ ਆਰਿਤ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਾਰ ਦੇ ਨੇੜੇ ਲੈ ਗਿਆ ਸੀ ਪਰ ਘੜੀ ’ਤੇ ਸਿਰਫ ਕੁੱਝ ਸੈਕਿੰਡ ਬਚੇ ਹੋਣ ਕਾਰਨ ਭਾਰਤੀ ਖਿਡਾਰੀ ਆਪਣੀ ਲੀਡ ਦਾ ਫਾਇਦਾ ਉਠਾਉਣ ਵਿੱਚ ਨਾਕਾਮ ਰਿਹਾ ਅਤੇ ਉਸ ਨੂੰ ਡਰਾਅ ਨਾਲ ਹੀ ਸਬਰ ਕਰਨਾ ਪਿਆ। ਆਰਿਤ ਨੇ ਜੌਰਜੀਆ ਦੇ ਆਪਣੇ ਹੋਟਲ ਤੋਂ ਇਸ ਮੁਕਾਬਲੇ ਵਿੱਚ ਹਿੱਸਾ ਲਿਆ, ਜਿੱਥੇ ਉਹ ਇਸ ਸਮੇਂ ਅੰਡਰ-10 ਵਿਸ਼ਵ ਚੈਂਪੀਅਨਸ਼ਿਪ ਵਿੱਚ ਖੇਡ ਰਿਹਾ ਹੈ। ਇਸ ਦੌਰਾਨ ਭਾਰਤ ਦੇ ਵੀ. ਪ੍ਰਣਵ ਨੇ 11 ’ਚੋਂ 10 ਅੰਕਾਂ ਨਾਲ ‘ਅਰਲੀ ਟਾਈਟਲਡ ਟਿਊਜ਼ਡੇਅ’ ਖਿਤਾਬ ਜਿੱਤਿਆ। ਅਮਰੀਕੀ ਗਰੈਂਡਮਾਸਟਰ ਹੈਂਸ ਮੋਕੇ ਨੀਮੈਨ ਅਤੇ ਕਾਰਲਸਨ ਦੋਵਾਂ ਨੇ 9.5 ਅੰਕ ਹਾਸਲ ਕੀਤੇ ਪਰ ਨੀਮਨ ਨੇ ਟਾਈਬ੍ਰੇਕ ਵਿੱਚ ਦੂਜਾ ਸਥਾਨ ਹਾਸਲ ਕੀਤਾ। -ਪੀਟੀਆਈ