ਕਦੇ ਵੀ ਸੁਪਨਾ ਦੇਖਣਾ ਨਾ ਛੱਡੋ, ਤੁਹਾਨੂੰ ਨਹੀਂ ਪਤਾ ਕਿਸਮਤ ਕਿੱਥੇ ਲੈ ਜਾਵੇਗੀ: ਹਰਮਨਪ੍ਰੀਤ
ਭਾਰਤ ਦੀ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੇ ਭਾਵਨਾਤਮਕ ਪਲਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਉਸਦੇ ਖੇਡਾਂ ਦੇ ਸ਼ੌਕੀਨ ਪਿਤਾ ਦੀ ਕ੍ਰਿਕਟ ਕਿੱਟ ਵਿੱਚੋ ਬੈਟ ਫੜਨ ਨੇ ਉਸ ਸੁਪਨੇ ਨੂੰ ਜਗਾਇਆ ਜੋ ਹੁਣ ਇੱਕ ਹਕੀਕਤ ਬਣ ਚੁੱਕਿਆ ਹੈ।
ਨਵੀਂ ਮੁੰਬਈ ਵਿੱਚ ਐਤਵਾਰ ਨੂੰ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਉੱਤੇ 52 ਦੌੜਾਂ ਦੀ ਜਿੱਤ ਲਈ ਭਾਰਤ ਦੀ ਅਗਵਾਈ ਕਰਨ ਤੋਂ ਬਾਅਦ, ਹਰਮਨਪ੍ਰੀਤ ਨੇ BCCI ਵੱਲੋਂ ਪੋਸਟ ਕੀਤੇ ਇੱਕ ਵੀਡੀਓ ਵਿੱਚ ਆਪਣੇ ਬਚਪਨ ਨੂੰ ਯਾਦ ਕੀਤਾ ਅਤੇ ਉਭਰਦੇ ਨੌਜਵਾਨ ਖਿਡਾਰੀਆਂ ਲਈ ਇੱਕ ਸਲਾਹ ਵੀ ਦਿੱਤੀ ਅਤੇ ਕਿਹਾ, ‘‘ਕਦੇ ਵੀ ਸੁਪਨਾ ਦੇਖਣਾ ਨਾ ਛੱਡੋ। ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਕਿਸਮਤ ਤੁਹਾਨੂੰ ਕਿੱਥੇ ਲੈ ਜਾਵੇਗੀ।’’
ਹਰਮਨਪ੍ਰੀਤ ਨੇ ਕਿਹਾ, "ਜਦੋਂ ਤੋਂ ਮੈਂ ਛੋਟੀ ਸੀ, ਮੇਰੇ ਹੱਥ ਵਿੱਚ ਹਮੇਸ਼ਾ ਇੱਕ ਬੱਲਾ ਰਿਹਾ ਹੈ। ਮੈਨੂੰ ਅਜੇ ਵੀ ਯਾਦ ਹੈ ਕਿ ਅਸੀਂ ਆਪਣੇ ਪਿਤਾ ਦੇ ਕਿੱਟ ਬੈਗ ਵਿੱਚੋਂ ਇੱਕ ਬੱਲੇ ਨਾਲ ਖੇਡਿਆ ਕਰਦੇ ਸੀ। ਉਹ ਬੱਲਾ ਬਹੁਤ ਵੱਡਾ ਸੀ। ਇੱਕ ਦਿਨ ਮੇਰੇ ਪਿਤਾ ਨੇ ਆਪਣੇ ਪੁਰਾਣੇ ਬੱਲਿਆਂ ਵਿੱਚੋਂ ਇੱਕ ਨੂੰ ਤਰਾਸ਼ ਕੇ ਮੇਰੇ ਲਈ ਇੱਕ ਛੋਟਾ ਬੱਲਾ ਬਣਾਇਆ। ਅਸੀਂ ਉਸ ਨਾਲ ਖੇਡਿਆ ਕਰਦੇ ਸੀ।’’
ਹਰਮਨਪ੍ਰੀਤ ਨੇ ਕਿਹਾ, ‘‘ਜਦੋਂ ਵੀ ਅਸੀਂ ਟੀਵੀ 'ਤੇ ਮੈਚ ਦੇਖਦੇ ਸੀ, ਜਾਂ ਭਾਰਤ ਨੂੰ ਖੇਡਦੇ ਦੇਖਦੇ ਸੀ, ਜਾਂ ਵਿਸ਼ਵ ਕੱਪ ਦੇਖਦੇ ਸੀ, ਮੈਂ ਸੋਚਦੀ ਸੀ, ਮੈਨੂੰ ਇਸ ਤਰ੍ਹਾਂ ਦਾ ਮੌਕਾ ਚਾਹੀਦਾ ਹੈ। ਉਸ ਸਮੇਂ ਮੈਨੂੰ ਮਹਿਲਾ ਕ੍ਰਿਕਟ ਬਾਰੇ ਪਤਾ ਵੀ ਨਹੀਂ ਸੀ।’’
ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਮੋਗਾ ਦੀ ਨਿਆਂਇਕ ਅਦਾਲਤ ਵਿੱਚ ਕਲਰਕ ਦੀ ਨੌਕਰੀ ਕਰਨ ਤੋਂ ਪਹਿਲਾਂ ਕ੍ਰਿਕਟ ਅਤੇ ਫੁੱਟਬਾਲ ਖੇਡਦੇ ਸਨ।
ਆਪਣੇ ਪਿਤਾ ਦੇ ਪੱਕੇ ਸਮਰਥਨ ਨਾਲ ਬਚਪਨ ਵਿੱਚ ਸ਼ੁਰੂ ਹੋਇਆ ਇਹ ਸਫ਼ਰ ਐਤਵਾਰ ਨੂੰ ਹਰਮਨਪ੍ਰੀਤ ਲਈ ਵਿਸ਼ਵ ਕੱਪ ਟਰਾਫੀ ਵਿੱਚ ਸਮਾਪਤ ਹੋਇਆ। ਇਹ ਸਭ ਆਸਾਨ ਨਹੀਂ ਸੀ ਪਰ ਹਰਮਨਪ੍ਰੀਤ ਨੇ ਕਿਹਾ ਕਿ ਉਹ ਮਹਿਲਾ ਕ੍ਰਿਕਟ ਲਈ ਜ਼ਰੂਰੀ ਚੁਣੌਤੀਆਂ ਤੋਂ ਹਾਰ ਮੰਨਣ ਵਾਲੀ ਨਹੀਂ ਸੀ।
36 ਸਾਲਾ ਇਸ ਸਟਾਰ ਖਿਡਾਰਨ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹੈ।
ਹਰਮਨਪ੍ਰੀਤ ਨੇ 2017 ਵਿੱਚ ਲੰਡਨ ਵਿੱਚ ਇੰਗਲੈਂਡ ਤੋਂ ਮਹਿਲਾ ਵਿਸ਼ਵ ਕੱਪ ਫਾਈਨਲ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਵਾਪਸ ਆਉਣ 'ਤੇ ਮਿਲੇ ਸ਼ਾਨਦਾਰ ਸਵਾਗਤ ਨੂੰ ਵੀ ਯਾਦ ਕੀਤਾ।
